#AMERICA

ਕਾਸ਼ ਪਟੇਲ ਨੂੰ ਐੱਫ.ਬੀ.ਆਈ. ਡਾਇਰੈਕਟਰ ਦੇ ਅਹੁਦੇ ਤੋਂ ਹਟਾਉਣ ਦੀਆਂ ਅਟਕਲਾਂ!

-ਚਾਰਲੀ ਕਿਰਕ ਦੀ ਮੌਤ ਤੋਂ ਬਾਅਦ ਉਠਾਏ ਜਾ ਰਹੇ ਨੇ ਸਵਾਲ
ਵਾਸ਼ਿੰਗਟਨ, 17 ਸਤੰਬਰ (ਪੰਜਾਬ ਮੇਲ)- ਡੋਨਾਲਡ ਟਰੰਪ ਦੇ ਕਰੀਬੀ ਰਹੇ ਚਾਰਲੀ ਕਿਰਕ ਦੀ ਮੌਤ ਨਾ ਸਿਰਫ਼ ਅਮਰੀਕਾ ਵਿਚ ਸਗੋਂ ਪੂਰੀ ਦੁਨੀਆਂ ਵਿਚ ਚਰਚਾ ਦਾ ਵਿਸ਼ਾ ਬਣ ਗਈ ਹੈ। ਇਸ ਕਤਲ ਨੂੰ ਐੱਫ.ਬੀ.ਆਈ. ਦੀ ਸਭ ਤੋਂ ਵੱਡੀ ਅਸਫਲਤਾ ਮੰਨਿਆ ਜਾ ਰਿਹਾ ਹੈ, ਜਿਸ ਤੋਂ ਬਾਅਦ ਐੱਫ.ਬੀ.ਆਈ. ਡਾਇਰੈਕਟਰ ਕਾਸ਼ ਪਟੇਲ ਨੂੰ ਅਹੁਦੇ ਤੋਂ ਹਟਾਉਣ ਦੀਆਂ ਅਟਕਲਾਂ ਹਨ।
ਚਾਰਲੀ ਕਿਰਕ ਦੇ ਕਤਲ ਦੇ ਸਬੰਧ ਵਿਚ ਕਾਸ਼ ਪਟੇਲ ਨੂੰ ਅਮਰੀਕੀ ਸੰਸਦ ਵਿਚ ਪੇਸ਼ ਹੋਣ ਦਾ ਹੁਕਮ ਦਿੱਤਾ ਗਿਆ ਹੈ। ਸੂਤਰਾਂ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਕਾਸ਼ ਪਟੇਲ ਤੋਂ ਐੱਫ.ਬੀ.ਆਈ. ਡਾਇਰੈਕਟਰ ਦਾ ਅਹੁਦਾ ਵਾਪਸ ਲਿਆ ਜਾ ਸਕਦਾ ਹੈ। ਉਨ੍ਹਾਂ ਦੀ ਜਗ੍ਹਾ ਐਂਡਰਿਊ ਬੇਲੀ ਐੱਫ.ਬੀ.ਆਈ. ਡਾਇਰੈਕਟਰ ਬਣ ਸਕਦੇ ਹਨ।
ਚਾਰਲੀ ਕਿਰਕ ਦੀ ਮੌਤ ਤੋਂ ਕੁਝ ਘੰਟਿਆਂ ਬਾਅਦ ਹੀ, ਐੱਫ.ਬੀ.ਆਈ. ਨੇ ਸ਼ੱਕ ਦੇ ਆਧਾਰ ‘ਤੇ 2 ਸ਼ੱਕੀਆਂ ਨੂੰ ਹਿਰਾਸਤ ਵਿਚ ਲਿਆ ਅਤੇ ਪੁੱਛਗਿੱਛ ਸ਼ੁਰੂ ਹੋ ਗਈ। ਐੱਫ.ਬੀ.ਆਈ. ਡਾਇਰੈਕਟਰ ਨੇ ਜਲਦਬਾਜ਼ੀ ਵਿਚ ਪੋਸਟ ਸਾਂਝੀ ਕੀਤੀ, ਜਿਸ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀ ਕਾਸ਼ ਪਟੇਲ ਦੀ ਪ੍ਰਸ਼ੰਸਾ ਕੀਤੀ ਅਤੇ ਕਿਹਾ- ਮੈਨੂੰ ਐੱਫ.ਬੀ.ਆਈ. ‘ਤੇ ਮਾਣ ਹੈ। ਕਾਸ਼ ਸਮੇਤ ਸਾਰਿਆਂ ਨੇ ਬਹੁਤ ਵਧੀਆ ਕੰਮ ਕੀਤਾ।
ਹਾਲਾਂਕਿ, ਬਾਅਦ ਵਿਚ ਇਹ ਖੁਲਾਸਾ ਹੋਇਆ ਕਿ ਦੋਵੇਂ ਦੋਸ਼ੀ ਬੇਕਸੂਰ ਹਨ। ਚਾਰਲੀ ਕਿਰਕ ਦੀ ਹੱਤਿਆ ਦੇ ਅਸਲ ਦੋਸ਼ੀ ਟੇਲਰ ਰੌਬਿਨਸਨ ਤੱਕ ਪਹੁੰਚਣ ਲਈ ਐੱਫ.ਬੀ.ਆਈ. ਨੂੰ 2 ਦਿਨ ਲੱਗੇ।
ਵ੍ਹਾਈਟ ਹਾਊਸ ਵਿਚ ਟਰੰਪ ਦੇ ਬਹੁਤ ਸਾਰੇ ਨਜ਼ਦੀਕੀ ਸਹਿਯੋਗੀ ਹੁਣ ਕਾਸ਼ ਪਟੇਲ ‘ਤੇ ਭਰੋਸਾ ਨਹੀਂ ਕਰਦੇ। ਅਟਾਰਨੀ ਜਨਰਲ ਪੈਮ ਬੋਂਡੀ ਦਾ ਨਾਮ ਵੀ ਇਸ ਸੂਚੀ ਵਿਚ ਸ਼ਾਮਲ ਹੈ। ਇੰਨਾ ਹੀ ਨਹੀਂ, ਐਪਸਟਾਈਨ ਫਾਈਲ ‘ਤੇ ਵਿਵਾਦ ਤੋਂ ਬਾਅਦ, ਪੈਮ ਐੱਫ.ਬੀ.ਆਈ. ਦੇ ਡਿਪਟੀ ਡਾਇਰੈਕਟਰ ਡੈਨ ਬੋਂਗੀਨੋ ਦੇ ਵਿਰੁੱਧ ਵੀ ਹੋ ਗਏ ਹਨ।
ਐੱਫ.ਬੀ.ਆਈ. ਕੋਲ ਐਪਸਟਾਈਨ ਫਾਈਲ ਦੀ ਜਾਂਚ ਹੈ। ਕਾਸ਼ ਪਟੇਲ ਪਹਿਲਾਂ ਹੀ ਇਸ ਸੰਬੰਧੀ ਜਾਂਚ ਅਧੀਨ ਹੈ। 3 ਸਾਬਕਾ ਐੱਫ.ਬੀ.ਆਈ. ਏਜੰਟਾਂ ਨੇ ਵੀ ਕਾਸ਼ ‘ਤੇ ਸਵਾਲ ਚੁੱਕੇ ਹਨ। ਅਜਿਹੀ ਸਥਿਤੀ ਵਿਚ ਚਾਰਲੀ ਕਿਰਕ ਦੀ ਮੌਤ ਨੇ ਕਾਸ਼ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ।