#INDIA

ਕਾਲਾ ਦਿਵਸ: ਪ੍ਰਧਾਨ ਝੀਂਡਾ ਗੁਰੂ ਕੀ ਗੋਲਕ ਅਤੇ ਮੁਲਾਜਮਾਂ ਦੀ ਦੁਰਵਰਤੋਂ ਦੀ ਜਾਂਚ ‘ਚ ਦੋਸ਼ੀ: ਸਬ ਕਮੇਟੀ

ਗੂਹਲਾ ਚੀਕਾ, 6 ਅਕਤੂਬਰ (ਪੰਜਾਬ ਮੇਲ)- ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਵੱਲੋਂ ਕਮੇਟੀ ਮੈਂਬਰਾਂ ਦੇ ਵਿਰੋਧ ਦੇ ਬਾਵਜੂਦ 26 ਜੂਨ 2025 ਨੂੰ ਐਮਰਜੈਂਸੀ ਦੇ ਖ਼ਿਲਾਫ਼ ਕੁਰੂਕਸ਼ੇਤਰਾ ਯੂਨੀਵਰਸਿਟੀ ਵਿਚ ਕਾਲਾ ਦਿਵਸ ਨਿੱਜੀ ਤੌਰ ‘ਤੇ ਮਨਾਇਆ ਗਿਆ। ਜਿਸ ਨੂੰ ਮਨਾਉਣ ਤੋਂ ਬਾਅਦ ਪ੍ਰਧਾਨ ਝੀਂਡਾ ਨੇ ਮੀਡੀਆ ਵਿਚ ਸੰਬੋਧਨ ਕੀਤਾ ਸੀ ਕਿ ਕਾਲਾ ਦਿਵਸ ਸਮਾਗਮ ਵਿਚ ਗੁਰੂ ਕੀ ਗੋਲਕ ਦਾ ਇੱਕ ਰੁਪਈਆ ਵੀ ਖਰਚ ਨਹੀਂ ਕੀਤਾ ਅਤੇ ਨਾ ਹੀ ਹਰਿਆਣਾ ਕਮੇਟੀ ਦੇ ਮੁਲਾਜ਼ਮਾਂ ਗੱਡੀਆਂ ਕਾਰਾਂ ਦੀ ਵਰਤੋਂ ਕੀਤੀ ਗਈ ਹੈ। ਪ੍ਰਧਾਨ ਝੀਂਡਾ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਕਿਹਾ ਸੀ ਕਿ ਕਾਲਾ ਦਿਵਸ ਸਮਾਗਮ ਉੱਤੇ ਹੋਇਆ ਖਰਚ ਦੇਸ਼-ਵਿਦੇਸ਼ ਦੀਆਂ ਸਿੱਖ ਸੰਗਤਾਂ ਤੋਂ ਨਿੱਜੀ ਤੌਰ ‘ਤੇ ਇਕੱਤਰ ਕੀਤਾ ਗਿਆ ਸੀ।
ਇਸ ਸਬੰਧੀ ਹਰਿਆਣਾ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਗੁਰਮੀਤ ਸਿੰਘ ਰਾਮਸਰ ਵੱਲੋਂ ਸਮਾਗਮ ਖਰਚ ਦੀ ਪੜਤਾਲ ਲਈ ਪੰਜ ਮੈਂਬਰੀ ਸਬ ਕਮੇਟੀ ਦਾ ਗਠਨ ਕੀਤਾ ਗਿਆ ਸੀ। ਜੂਨੀਅਰ ਮੀਤ ਪ੍ਰਧਾਨ ਗੁਰਵੀਰ ਸਿੰਘ ਤਲਾਕੌਰ ਦੀ ਅਗਵਾਈ ਵਿਚ ਬਣਾਈ ਗਈ ਇਸ ਕਮੇਟੀ ਵਿਚ ਸੀਨੀਅਰ ਮੈਂਬਰ ਜੋਗਾ ਸਿੰਘ ਯਮੁਨਾਨਗਰ ਮੈਂਬਰ, ਸਵਰਨ ਸਿੰਘ ਬੁੰਗਾ ਟਿੱਬੀ ਮੈਂਬਰ, ਬਲਵਿੰਦਰ ਸਿੰਘ ਭਿੰਡਰ ਮੀਤ ਸਕੱਤਰ, ਗੁਰਤੇਜ ਸਿੰਘ ਅੰਬਾਲਾ ਮੈਂਬਰ ਸ਼ਾਮਲ ਸਨ।
ਸਬ ਕਮੇਟੀ ਦੇ ਮੁਖੀ ਗੁਰਬੀਰ ਸਿੰਘ ਤਲਾਕੌਰ ਜੂਨੀਅਰ ਮੀਤ ਪ੍ਰਧਾਨ ਨੇ ਪੂਰੀ ਗੰਭੀਰਤਾ ਨਾਲ ਕੀਤੀ ਗਈ ਜਾਂਚ ਪੜਤਾਲ ਦੀ ਰਿਪੋਰਟ ਅੱਜ ਸਬੂਤਾਂ ਸਮੇਤ ਹਰਿਆਣਾ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਗੁਰਮੀਤ ਸਿੰਘ ਰਾਮਸਰ ਨੂੰ ਸੌਂਪ ਦਿੱਤੀ ਹੈ। ਮੀਡੀਆ ਨਾਲ ਜਾਣਕਾਰੀ ਸਾਂਝੀ ਕਰਦਿਆਂ ਗੁਰਮੀਤ ਸਿੰਘ ਰਾਮਸਰ ਸੀਨੀਅਰ ਮੀਤ ਪ੍ਰਧਾਨ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦੱਸਿਆ ਕੇ ਸਬ ਕਮੇਟੀ ਵੱਲੋਂ ਜਾਂਚ ਪੜਤਾਲ ਦੀ ਪੇਸ਼ ਕੀਤੀ ਰਿਪੋਰਟ ਵਿਚ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਨੂੰ ਦੋਸ਼ੀ ਪਾਇਆ ਗਿਆ ਹੈ।
ਸਬ ਕਮੇਟੀ ਨੇ ਪੂਰੇ ਸਬੂਤਾਂ ਸਮੇਤ ਰਿਪੋਰਟ ਵਿਚ ਜਾਣਕਾਰੀ ਦਿੱਤੀ ਹੈ ਕਿ ਪ੍ਰਧਾਨ ਝੀਂਡਾ ਨੇ ਕਿਵੇਂ ਗੁਰੂ ਕੀ ਗੋਲਕ, ਗੱਡੀਆਂ ਅਤੇ ਮੁਲਾਜ਼ਮਾਂ ਦੀ ਦੁਰਵਰਤੋਂ ਕੀਤੀ ਹੈ। ਦੇਸ਼-ਵਿਦੇਸ਼ ਦੀਆਂ ਸਿੱਖ ਸੰਗਤਾਂ ਕੋਲੋਂ ਬੇਹਿਸਾਬ ਪੈਸਾ ਇਕੱਤਰ ਕੀਤਾ ਹੈ। ਰਾਮਸਰ ਨੇ ਦੱਸਿਆ ਕਿ ਕਾਲਾ ਦਿਵਸ ‘ਤੇ ਆਏ 766220 ਰੁਪਏ ਦੇ ਖਰਚ ਬਾਰੇ ਪ੍ਰਧਾਨ ਝੀਂਡਾ ਨੇ ਖੁਦ ਮੀਡੀਆ ਵਿਚ ਮੰਨਿਆ ਹੈ, ਬਾਕੀ ਇਕੱਤਰ ਕੀਤੇ ਗਏ ਪੈਸੇ ਦਾ ਕੋਈ ਹਿਸਾਬ ਕਿਤਾਬ ਨਹੀਂ ਹੈ, ਜੋ ਸਿੱਧਾ-ਸਿੱਧਾ ਪ੍ਰਧਾਨਗੀ ਦੇ ਅਹੁਦੇ ਦੀ ਦੁਰਵਰਤੋਂ ਅਤੇ ਭ੍ਰਿਸ਼ਟਾਚਾਰ ਹੈ।
ਸਬ ਕਮੇਟੀ ਵੱਲੋਂ ਜਾਰੀ ਪੱਤਰ ਵਿਚ ਕਿਹਾ ਗਿਆ ਹੈ ਕਿ ਗੁਰੂ ਕੀ ਗੋਲਕ, ਗੱਡੀਆਂ ਮੁਲਾਜ਼ਮਾਂ ਪੈਸੇ ਦੀ ਦੁਰਵਰਤੋਂ ਕਰਨ ਸਬੰਧੀ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਨੂੰ ਦੋਸ਼ੀ ਪਾਇਆ ਜਾਂਦਾ ਹੈ।