#INDIA

ਕਾਨਪੁਰ ਨੇੜੇ ਅਹਿਮਦਾਬਾਦ ਜਾ ਰਹੀ ਸਾਬਰਮਤੀ ਐਕਸਪ੍ਰੈਸ ਦੇ 20 ਡੱਬੇ ਲੀਹੋਂ ਲੱਥੇ; ਜਾਨੀ ਨੁਕਸਾਨ ਤੋਂ ਰਿਹਾ ਬਚਾਅ

ਲਖਨਊ, 17 ਅਗਸਤ (ਪੰਜਾਬ ਮੇਲ)- ਵਾਰਾਨਸੀ ਤੋਂ ਅਹਿਮਦਾਬਾਦ ਜਾ ਰਹੀ ਸਾਬਰਮਤੀ ਐਕਸਪ੍ਰੈਸ ਦੇ ਘੱਟੋ-ਘੱਟ 20 ਡੱਬੇ ਦੇਰ ਰਾਤ ਕਾਨਪੁਰ ਦੇ ਗੋਵਿੰਦਪੁਰੀ ਸਟੇਸ਼ਨ ਨੇੜੇ ਪਟੜੀ ਤੋਂ ਉਤਰ ਗਏ। ਹਾਲਾਂਕਿ ਫਿਲਹਾਲ ਇਸ ਹਾਦਸੇ ‘ਚ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਇਹ ਹਾਦਸਾ ਦੇਰ ਰਾਤ ਕਰੀਬ 2.30 ਵਜੇ ਹੋਇਆ। ਇਹ ਡੱਬੇ ਕਾਨਪੁਰ ਅਤੇ ਭੀਮਸੇਨ ਰੇਲਵੇ ਸਟੇਸ਼ਨ ਦੇ ਵਿਚਕਾਰ ਪਟੜੀ ਤੋਂ ਉਤਰੇ। ਰਾਹਤ ਅਤੇ ਬਚਾਅ ਕੰਮ ਜਾਰੀ ਹੈ। ਡਰਾਈਵਰ ਨੇ ਦੱਸਿਆ ਕਿ ਵੱਡਾ ਪੱਥਰ ਰੇਲ ਗੱਡੀ ਦੇ ਇੰਜਣ ਨਾਲ ਟਕਰਾਅ ਗਿਆ, ਜਿਸ ਕਾਰਨ ਇਸ ਦੇ ਅਗਲੇ ਹਿੱਸੇ ਵਿਚ ਪਸ਼ੂਆਂ ਤੋਂ ਬਚਾਅ ਲਈ ਲਗਾਇਆ ਗਿਆ ‘ਕੈਟਲ ਗਾਰਡ’ ਬੁਰੀ ਤਰ੍ਹਾਂ ਨਾਲ ਨੁਕਸਾਨਿਆ ਗਿਆ ਅਤੇ ਮੁੜ ਗਿਆ। ਇੰਟੈਲੀਜੈਂਸ ਬਿਊਰੋ ਅਤੇ ਉੱਤਰ ਪ੍ਰਦੇਸ਼ ਪੁਲਿਸ ਇਸ ਘਟਨਾ ਵਿਚ ਸ਼ਰਾਰਤੀ ਜਾਂ ਸਮਾਜ ਵਿਰੋਧੀ ਅਨਸਰਾਂ ਦੀ ਸ਼ਮੂਲੀਅਤ ਦੀ ਜਾਂਚ ਕਰ ਰਹੀ ਹੈ, ਕਿਉਂਕਿ ਪਹਿਲੀ ਨਜ਼ਰ ਵਿਚ ਇੰਝ ਜਾਪਦਾ ਹੈ ਕਿ ਇੰਜਣ ਟਰੈਕ ‘ਤੇ ਰੱਖੀ ਕਿਸੇ ਵਸਤੂ ਨਾਲ ਟਕਰਾਅ ਗਿਆ ਸੀ।