#PUNJAB

ਕਾਂਗਰਸ ਆਗੂ ਤੇ ਬਟਾਲਾ ਦੇ ਮੇਅਰ ਸੁੱਖ ਤੇਜਾ ਸਮੇਤ 7 ਹੋਰ ਥਾਵਾਂ ‘ਤੇ ਆਮਦਨ ਕਰ ਵਿਭਾਗ ਦਾ ਛਾਪੇ

ਬਟਾਲਾ, 25 ਮਈ (ਪੰਜਾਬ ਮੇਲ)- ਕਾਂਗਰਸ ਦੇ ਸੀਨੀਅਰ ਆਗੂ ਅਤੇ ਬਟਾਲਾ ਨਗਰ ਨਿਗਮ ਦੇ ਮੇਅਰ ਸੁੱਖ ਤੇਜਾ ਦੇ ਘਰ ਅੱਜ ਆਮਦਨ ਕਰ ਵਿਭਾਗ ਨੇ ਛਾਪਾ ਮਾਰਿਆ। ਇਸੇ ਤਰ੍ਹਾਂ ਸੱਤ ਹੋਰ ਥਾਵਾਂ ਉਤੇ ਵਿਭਾਗ ਵੱਲੋਂ ਕਾਰਵਾਈ ਕਰਨ ਦੀ ਸੂਚਨਾ ਹੈ। ਇਥੋਂ ਦੇ ਉਮਰਪੁਰਾ ਰੋਡ ਉਤੇ ਮੇਅਰ ਤੇਜਾ ਦੇ ਘਰ ਜਿਵੇਂ ਹੀ ਛਾਪਾ ਪਿਆ, ਤਾਂ ਲੋਕ ਤੇ ਕਾਂਗਰਸ ਆਗੂ ਇਕੱਠੇ ਹੋਏ। ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਸੁਖਜਿੰਦਰ ਸਿੰਘ ਰੰਧਾਵਾ ਅਤੇ ਸਾਬਕਾ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਮੌਕੇ ‘ਤੇ ਪਹੁੰਚੇ। ਇਨ੍ਹਾਂ ਨੇ ਭਾਜਪਾ ਅਤੇ ਆਪ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਦੋਵਾਂ ਨੇ ਆਖਿਆ ਕਿ ਚੋਣਾਂ ਦੌਰਾਨ ਛਾਪਾ ਕਾਂਗਰਸ ਪਾਰਟੀ ਦੇ ਆਗੂਆਂ ਤੇ ਵਰਕਰਾਂ ਦਾ ਹੌਂਸਲਾ ਪਸਤ ਨਹੀਂ ਕਰ ਸਕਦਾ। ਉਨ੍ਹਾਂ ਨੇ ਭਾਜਪਾ ਅਤੇ ਆਪ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ। ਖ਼ਬਰ ਲਿਖੇ ਜਾਣ ਤੱਕ ਵਿਭਾਗ ਵੱਲੋਂ ਮੇਅਰ ਦੇ ਘਰ ਅੰਦਰ ਕਿਸੇ ਨੂੰ ਨਾ ਤਾਂ ਜਾਣ ਦਿੱਤਾ ਗਿਆ ਅਤੇ ਨਾ ਬਾਹਰ ਆਉਣ ਦਿੱਤਾ। ਵਿਭਾਗ ਨੇ ਬਟਾਲਾ ਦੇ ਕਾਂਗਰਸੀ ਆਗੂ ਤੇ ਸ਼ਰਾਬ ਠੇਕੇਦਾਰ ਪੱਪੂ ਜੈਂਤੀਪੁਰ, ਉਸ ਦੇ ਮੈਨੇਜਰ ਗੋਪੀ, ਚੰਦਾ ਖਾਨਾ ਖਜ਼ਾਨਾ, ਭੱਲਾ, ਹਲਕਾ ਸ੍ਰੀ ਹਰਗੋਬਿੰਦਪੁਰ ਦੇ ਪਿੰਡ ਸੁਕਾਲਾ ਦੇ ਕਾਰੋਬਾਰੀ, ਬਟਾਲਾ ਦੇ ਗੁਰੂ ਤੇਗ ਬਹਾਦਰ ਕਲੋਨੀ ਨੇੜੇ ਗਊਸ਼ਾਲਾ ਅਤੇ ਕਾਹਨੂੰਵਾਨ ਰੋਡ ਉਤੇ ਛਾਪਾ ਮਾਰਿਆ। ਮੇਅਰ ਨੂੰ ਛੱਡ ਬਾਕੀ ਸਾਰੇ ਪੱਪੂ ਜੈਂਤੀਪੁਰੀਆ ਦੇ ਸ਼ਰਾਬ ਕਾਰੋਬਾਰ ਵਿਚ ਕਥਿਤ ਤੌਰ ‘ਤੇ ਸ਼ਾਮਲ ਹਨ।