ਲੁਧਿਆਣਾ, 27 ਫਰਵਰੀ (ਪੰਜਾਬ ਮੇਲ)- ਲੁਧਿਆਣਾ ਦੇ ਮੈਂਬਰ ਪਾਰਲੀਮੈਂਟ ਅਤੇ ਕਾਂਗਰਸ ਦੇ ਸੀਨੀਅਰ ਆਗੂ ਰਵਨੀਤ ਸਿੰਘ ਬਿੱਟੂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਰਵਨੀਤ ਬਿੱਟੂ ਨੂੰ ਵਟਸਐੱਪ ‘ਤੇ ਵਿਦੇਸ਼ੀ ਨੰਬਰ ਤੋਂ ਆਈ ਕਾਲ ਰਾਹੀਂ ਧਮਕੀ ਦਿੱਤੀ ਗਈ ਹੈ। ਇਹ ਕੋਈ ਪਹਿਲਾ ਮਾਮਲਾ ਨਹੀਂ ਹੈ, ਜਦੋਂ ਸਮਾਜ ਵਿਰੋਧੀ ਅਨਸਰਾਂ ਵਲੋਂ ਬਿੱਟੂ ਨੂੰ ਧਮਕੀ ਦਿੱਤੀ ਗਈ ਹੋਵੇ, ਇਸ ਤੋਂ ਪਹਿਲਾਂ ਵੀ ਕਈ ਵਾਰ ਉਨ੍ਹਾਂ ਨੂੰ ਅਜਿਹੀਆਂ ਧਮਕੀਆਂ ਮਿਲਦੀਆਂ ਰਹੀਆਂ ਹਨ, ਜਿਸ ਦੀ ਸ਼ਿਕਾਇਤ ਉਨ੍ਹਾਂ ਵਲੋਂ ਸਮੇਂ-ਸਮੇਂ ਪੁਲਿਸ ਨੂੰ ਕੀਤੀ ਜਾਂਦੀ ਰਹੀ ਹੈ।
ਮਿਲੀ ਜਾਣਕਾਰੀ ਮੁਤਾਬਕ ਫੋਨ ‘ਤੇ ਧਮਕੀ ਦੇਣ ਵਾਲੇ ਮੁਲਜ਼ਮ ਨੇ ਆਪਣੇ ਆਪ ਨੂੰ ਅੰਮ੍ਰਿਤਪਾਲ ਸਿੰਘ ਦਾ ਸਾਥੀ ਦੱਸਿਆ ਹੈ। ਇਸ ਸੰਬੰਧੀ ਬਿੱਟੂ ਦੇ ਸੁਰੱਖਿਆ ਕਰਮਚਾਰੀਆਂ ਨੇ ਤੁਰੰਤ ਜ਼ੈੱਡ ਪਲੱਸ ਸੁਰੱਖਿਆ ਏਜੰਸੀ ਨੂੰ ਵੀ ਸੂਚਿਤ ਕਰ ਦਿੱਤਾ ਹੈ। ਥਾਣਾ ਡਿਵੀਜ਼ਨ ਨੰਬਰ 8 ਦੀ ਪੁਲਿਸ ਕੋਲ ਸ਼ਿਕਾਇਤ ਪਹੁੰਚ ਚੁੱਕੀ ਹੈ ਅਤੇ ਪੁਲਿਸ ਵਲੋਂ ਨੰਬਰ ਟ੍ਰੇਸ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਬਿੱਟੂ ਦੇ ਪੀ.ਏ. ਨੇ ਦੱਸਿਆ ਇਹ ਕਾਲ +994408917750 ਨੰਬਰ ਤੋਂ ਆਈ ਹੈ। ਮੁਲਜ਼ਮ ਮੋਬਾਇਲ ਦੇ ਨਾਲ-ਨਾਲ ਲੈਡਲਾਈਨ ਨੰਬਰ ‘ਤੇ ਵੀ ਫੋਨ ਕਰਕੇ ਧਮਕੀ ਦੇ ਰਿਹਾ ਹੈ।