ਫਰੀਮਾਂਟ, 2 ਅਕਤੂਬਰ (ਪੰਜਾਬ ਮੇਲ)- ਡੈਮੋਕ੍ਰੇਟਿਕ ਵਿਪ ਅਤੇ ਕਾਂਗਰਸਵੁਮੈਨ ਕੈਥਰੀਨ ਕਲਾਰਕ ਲਈ ਇਕ ਫੰਡ ਰੇਜ਼ਿੰਗ ਡਾ. ਪ੍ਰਿਤਪਾਲ ਦੇ ਗ੍ਰਹਿ ਵਿਖੇ ਕੀਤਾ ਗਿਆ। ਇਥੇ ਡਾ. ਪ੍ਰਿਤਪਾਲ ਸਿੰਘ ਤੋਂ ਇਲਾਵਾ ਵੱਖ-ਵੱਖ ਸ਼ਖਸੀਅਤਾਂ ਨੇ ਕੈਥਰੀਨ ਕਲਾਰਕ ਦਾ ਭਰਵਾਂ ਸਵਾਗਤ ਕੀਤਾ। ਇਨ੍ਹਾਂ ਵਿਚ ਅਸੈਂਬਲੀ ਵੁਮੈਨ ਡਾ. ਜਸਮੀਤ ਕੌਰ ਬੈਂਸ, ਹਰਪ੍ਰੀਤ ਸਿੰਘ ਸੰਧੂ, ਅਟਾਰਨੀ ਮਹਿੰਦਰ ਮਾਨ, ਜਸਜੀਤ ਸਿੰਘ, ਜਸਵੰਤ ਸਿੰਘ ਹੋਠੀ, ਕਸ਼ਮੀਰ ਸਿੰਘ ਸ਼ਾਹੀ, ਗੁਲਵਿੰਦਰ ਸਿੰਘ ਭਿੰਦਾ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਸ਼ਖਸੀਅਤਾਂ ਇਸ ਫੰਡ ਰੇਜ਼ਿੰਗ ਸਮਾਗਮ ਵਿਚ ਹਾਜ਼ਰ ਸਨ। ਸਭ ਤੋਂ ਪਹਿਲਾਂ ਕਸ਼ਮੀਰ ਸਿੰਘ ਸ਼ਾਹੀ ਨੇ ਕੈਥਰੀਨ ਕਲਾਰਕ ਦਾ ਇਥੇ ਪਹੁੰਚਣ ‘ਤੇ ਭਰਵਾਂ ਸਵਾਗਤ ਕੀਤਾ ਅਤੇ ਉਨ੍ਹਾਂ ਬਾਰੇ ਆਈਆਂ ਸ਼ਖਸੀਅਤਾਂ ਨੂੰ ਜਾਣਕਾਰੀ ਦਿੱਤੀ। ਉਪਰੰਤ ਹਰਪ੍ਰੀਤ ਸਿੰਘ ਸੰਧੂ ਨੇ ਕੈਥਰੀਨ ਕਲਾਰਕ ਵੱਲੋਂ ਸਿੱਖਾਂ ਦੇ ਹੱਕ ਵਿਚ ਆਵਾਜ਼ ਉਠਾਉਣ ਲਈ ਧੰਨਵਾਦ ਕੀਤਾ। ਅਸੈਂਬਲੀ ਮੈਂਬਰ ਡਾ. ਜਸਮੀਤ ਕੌਰ ਬੈਂਸ ਨੇ ਕਾਂਗਰਸਵੁਮੈਨ ਕੈਥਰੀਨ ਕਲਾਰਕ ਨੂੰ ਸਿੱਖ ਨਸਲਕੁਸ਼ੀ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ।
ਡਾ. ਪ੍ਰਿਤਪਾਲ ਸਿੰਘ ਨੇ ਇਸ ਮੌਕੇ ਕਿਹਾ ਕਿ ਕੈਥਰੀਨ ਕਲਾਰਕ ਸਿੱਖਾਂ ਦੇ ਇੱਕ ਚੰਗੇ ਹਮਦਰਦ ਹਨ ਅਤੇ ਇਨ੍ਹਾਂ ਨੇ ਹਮੇਸ਼ਾ ਹੀ ਸਿੱਖਾਂ ਦੇ ਦੁੱਖ-ਸੁੱਖ ਵਿਚ ਸਾਥ ਦਿੱਤਾ ਹੈ।
ਡਾ. ਪ੍ਰਿਤਪਾਲ ਨੇ ਕਿਹਾ ਕਿ ਕੈਥਰੀਨ ਕਲਾਰਕ ਸਿੱਖ ਕਾਕਸ ਦੇ ਸੀਨੀਅਰ ਮੈਂਬਰ ਹਨ ਅਤੇ ਹਾਊਸ ਵਿਚ ਹਮੇਸ਼ਾ ਹੀ ਇਨ੍ਹਾਂ ਨੇ ਸਿੱਖਾਂ ਦੇ ਹੱਕ ਵਿਚ ਆਵਾਜ਼ ਉਠਾਈ ਹੈ। ਉਨ੍ਹਾਂ ਦੱਸਿਆ ਕਿ ਪਿੱਛੇ ਜਿਹੇ ਹੀ ਜੂਨ 84 ਦੇ 40 ਸਾਲਾ ਸਾਕੇ ਸੰਬੰਧੀ ਕਾਂਗਰਸ ਹਾਊਸ ਵਿਚ ਉਨ੍ਹਾਂ ਆਪਣੇ ਵਿਚਾਰ ਪੇਸ਼ ਕੀਤੇ ਸਨ ਅਤੇ ਕਿਹਾ ਸੀ ਕਿ ਇਸ ਦੌਰਾਨ ਸਿੱਖਾਂ ਨਾਲ ਬਹੁਤ ਜ਼ਿਆਦਤੀ ਹੋਈ ਸੀ। ਕੈਥਰੀਨ ਕਲਾਰਕ ਨੇ ਉਸ ਮੌਕੇ ਕਿਹਾ ਸੀ ਕਿ ਇਹ ਧਾਰਮਿਕ ਆਜ਼ਾਦੀ ‘ਤੇ ਸਿੱਧਾ ਹਮਲਾ ਸੀ ਅਤੇ ਮਨੁੱਖੀ ਅਧਿਕਾਰਾਂ ਦਾ ਘਾਣ ਕੀਤਾ ਗਿਆ ਸੀ।
ਇਸ ਮੌਕੇ ਕੈਥਰੀਨ ਕਲਾਰਕ ਨੇ ਬੋਲਦਿਆਂ ਸਮੂਹ ਸਿੱਖ ਕੌਮ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਸਿੱਖਾਂ ਨੇ ਅਮਰੀਕਾ ਦੇ ਆਰਥਿਕ ਅਤੇ ਰਾਜਨੀਤਿਕ ਖੇਤਰ ਵਿਚ ਬਹੁਮੁੱਲਾ ਯੋਗਦਾਨ ਪਾਇਆ ਹੈ। ਉਨ੍ਹਾਂ ਕਿਹਾ ਕਿ ਸਿੱਖ ਇਕ ਮਿਹਨਤਕਸ਼ ਕੌਮ ਹੈ। ਕਾਂਗਰਸਵੁਮੈਨ ਕੈਥਰੀਨ ਕਲਾਰਕ ਨੇ ਆਏ ਸਿੱਖ ਆਗੂਆਂ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ ਅਤੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਮੈਂ ਹਮੇਸ਼ਾ ਹੀ ਸਿੱਖ ਕੌਮ ਨਾਲ ਖੜ੍ਹੀ ਹਾਂ ਤੇ ਆਉਣ ਵਾਲੇ ਸਮੇਂ ਵਿਚ ਸਿੱਖ ਕੌਮ ਦੇ ਕਿਸੇ ਵੀ ਮਸਲੇ ਲਈ ਵੱਧ-ਚੜ੍ਹ ਕੇ ਮਦਦ ਕੀਤੀ ਜਾਵੇਗੀ। ਉਨ੍ਹਾਂ ਡਾ. ਪ੍ਰਿਤਪਾਲ ਅਤੇ ਉਨ੍ਹਾਂ ਦੀ ਪਤਨੀ ਮਨਜੀਤ ਕੌਰ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ, ਜਿਹੜੇ ਉਨ੍ਹਾਂ ਨੂੰ ਸਮੇਂ-ਸਮੇਂ ‘ਤੇ ਸੱਦ ਕੇ ਸਿੱਖ ਆਗੂਆਂ ਨਾਲ ਮਿਲਣ ਦਾ ਮੌਕਾ ਦਿੰਦੇ ਹਨ। ਉਨ੍ਹਾਂ ਕਿਹਾ ਕਿ ਅਜਿਹੀਆਂ ਮੁਲਾਕਾਤਾਂ ਨਾਲ ਸਿੱਖਾਂ ਦੀਆਂ ਸਮੱਸਿਆਵਾਂ ਬਾਰੇ ਜਾਣਨ ਦਾ ਮੌਕਾ ਮਿਲਦਾ ਹੈ। ਅਖੀਰ ਵਿਚ ਅੰਮ੍ਰਿਤਾ ਕੌਰ ਨੇ ਕਾਂਗਰਸਵੁਮੈਨ ਕੈਥਰੀਨ ਕਲਾਰਕ ਦਾ ਇਥੇ ਪਹੁੰਚਣ ਅਤੇ ਆਈਆਂ ਸ਼ਖਸੀਅਤਾਂ ਦਾ ਉਨ੍ਹਾਂ ਨੂੰ ਸਹਿਯੋਗ ਦੇਣ ਲਈ ਧੰਨਵਾਦ ਕੀਤਾ।