#OTHERS

ਕਰੀਬ 500 ਬੱਚੇ ਮਾਰੇ ਗਏ ਰੂਸ ਵੱਲੋਂ ਛੇੜੀ ਜੰਗ ’ਚ : ਜ਼ੇਲੈਂਸਕੀ

ਕੀਵ, 5 ਜੂਨ (ਪੰਜਾਬ ਮੇਲ)- ਯੂਕਰੇਨ ਦੇ ਰਾਸ਼ਟਰਪਤੀ ਵਲੋਦੀਮੀਰ ਜ਼ੇਲੈਂਸਕੀ ਨੇ ਅੱਜ ਕਿਹਾ ਕਿ ਰੂਸ ਵੱਲੋਂ ਛੇੜੀ ਗਈ ਜੰਗ, ਜੋ ਕਿ ਹੁਣ 16ਵੇਂ ਮਹੀਨੇ ਵਿਚ ਹੈ, ਕਾਰਨ ਹੁਣ ਤੱਕ ਕਰੀਬ 500 ਬੱਚੇ ਮਾਰੇ ਗਏ ਹਨ। ਜ਼ੇਲੈਂਸਕੀ ਨੇ ਇਹ ਜਾਣਕਾਰੀ ਅੱਜ ਉਸ ਵੇਲੇ ਦਿੱਤੀ ਜਦ ਬਚਾਅ ਕਰਮੀਆਂ ਨੂੰ ਇਕ ਦੋ ਸਾਲਾਂ ਦੀ ਬੱਚੀ ਦੀ ਦੇਹ ਬਰਾਮਦ ਹੋਈ ਜੋ ਕਿ ਰੂਸੀ ਹਮਲੇ ਵਿਚ ਮਾਰੀ ਗਈ ਹੈ। ਰਾਸ਼ਟਰਪਤੀ ਨੇ ਬਿਆਨ ਜਾਰੀ ਕਰ ਕੇ ਕਿਹਾ ਕਿ ਰੂਸੀ ਹਥਿਆਰ ਤੇ ਨਫ਼ਰਤ ਰੋਜ਼ਾਨਾ ਯੂਕਰੇਨੀ ਬੱਚਿਆਂ ਦੀ ਜ਼ਿੰਦਗੀ ਨੂੰ ਤਬਾਹ ਕਰ ਰਹੇ ਹਨ। ਜ਼ੇਲੈਂਸਕੀ ਨੇ ਨਾਲ ਹੀ ਕਿਹਾ ਕਿ ਜੰਗ ਕਾਰਨ ਮਾਰੇ ਗਏ ਬੱਚਿਆਂ ਦੀ ਸਹੀ ਗਿਣਤੀ ਦੱਸਣੀ ਮੁਸ਼ਕਲ ਹੈ ਕਿਉਂਕਿ ਕਈ ਇਲਾਕੇ ਰੂਸ ਦੇ ਕਬਜ਼ੇ ਹੇਠ ਹਨ। ਰਾਸ਼ਟਰਪਤੀ ਨੇ ਕਿਹਾ, ‘ਸਾਨੂੰ ਇਹ ਜੰਗ ਜਿੱਤਣੀ ਪਏਗੀ ਤੇ ਰੂਸ ਦੀ ਦਹਿਸ਼ਤ ਤੋਂ ਆਜ਼ਾਦ ਹੋਣਾ ਪਏਗਾ।’ ਬਚਾਅ ਕਰਮੀਆਂ ਨੂੰ ਦੋ ਸਾਲਾ ਬੱਚੀ ਦੀ ਮ੍ਰਿਤਕ ਦੇਹ ਡੀਨਿਪਰੋ ਸ਼ਹਿਰ ਦੀ ਇਕ ਰਿਹਾਇਸ਼ੀ ਇਮਾਰਤ ਦੇ ਮਲਬੇ ਹੇਠੋਂ ਲੱਭੀ ਹੈ। ਵੇਰਵਿਆਂ ਮੁਤਾਬਕ ਰੂਸੀ ਹਮਲੇ ਵਿਚ 22 ਲੋਕ ਜ਼ਖ਼ਮੀ ਹੋਏ ਸਨ ਜਿਨ੍ਹਾਂ ਵਿਚ ਪੰਜ ਬੱਚੇ ਵੀ ਸਨ। ਇਸ ਹਮਲੇ ’ਚ ਦੋ ਰਿਹਾਇਸ਼ੀ ਇਮਾਰਤਾਂ ਨੂੰ ਨੁਕਸਾਨ ਪੁੱਜਾ ਸੀ। ਰੂਸ ਨੇ ਐਤਵਾਰ ਡਰੋਨਾਂ ਤੇ ਮਿਜ਼ਾਈਲਾਂ ਨਾਲ ਹੋਰ ਹਮਲੇ ਕੀਤੇ ਹਨ। ਇਨ੍ਹਾਂ ਵਿਚ ਰਾਜਧਾਨੀ ਕੀਵ ਸਣੇ ਦੇਸ਼ ਦੇ ਕਈ ਹਿੱਸਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਯੂਕਰੇਨੀ ਏਅਰ ਫੋਰਸ ਨੇ ਰੂਸ ਦੇ ਕਈ ਡਰੋਨਾਂ ਤੇ ਮਿਜ਼ਾਈਲਾਂ ਨੂੰ ਡੇਗਣ ਦਾ ਦਾਅਵਾ ਵੀ ਕੀਤਾ ਹੈ। ਰੂਸੀ ਫ਼ੌਜ ਦਾ ਕਹਿਣਾ ਹੈ ਕਿ ਉਨ੍ਹਾਂ ਪਿਛਲੇ ਕੁਝ ਦਿਨਾਂ ’ਚ ਯੂਕਰੇਨ ਦੀ ਹਵਾਈ ਰੱਖਿਆ ਪ੍ਰਣਾਲੀ, ਸੈਨਾ ਦੇ ਟਿਕਾਣਿਆਂ ਤੇ ਅਸਲਾ ਡਿਪੂਆਂ ਨੂੰ ਨਿਸ਼ਾਨਾ ਬਣਾਇਆ ਹੈ।-ਏਪੀ

Leave a comment