-ਕਿਹਾ: ਜੇ ਟਰੰਪ ਜਿੱਤਿਆ, ਤਾਂ ਕਰੇਗਾ ਵੱਡਾ ਨੁਕਸਾਨ
ਵਾਸ਼ਿੰਗਟਨ, 19 ਅਗਸਤ (ਰਾਜ ਗੋਗਨਾ/ਪੰਜਾਬ ਮੇਲ)- ਅਮਰੀਕਾ ‘ਚ 5 ਨਵੰਬਰ ਨੂੰ ਰਾਸ਼ਟਰਪਤੀ ਦੀ ਚੋਣ ਹੋਣ ਜਾ ਰਹੀ ਹੈ। ਹੁਣ ਇਸ ਚੋਣ ਵਿਚ ਲੋਭੀ ਵਾਅਦਿਆਂ ਦਾ ਪ੍ਰਵੇਸ਼ ਹੋ ਗਿਆ ਹੈ। ਉਪ-ਰਾਸ਼ਟਰਪਤੀ ਅਤੇ ਡੈਮੋਕ੍ਰੇਟਿਕ ਪਾਰਟੀ ਦੀ ਉਮੀਦਵਾਰ ਕਮਲਾ ਹੈਰਿਸ ਨੇ ਉੱਤਰੀ ਕੈਰੋਲੀਨਾ ਵਿਚ ਇੱਕ ਰੈਲੀ ਵਿਚ ਐਲਾਨ ਕੀਤਾ ਹੈ ਕਿ ਜੇਕਰ ਉਹ ਰਾਸ਼ਟਰਪਤੀ ਬਣ ਜਾਂਦੀ ਹੈ ਤਾਂ ਉਹ ਆਰਥਿਕਤਾ ਨੂੰ ਮਜ਼ਬੂਤ ਕਰੇਗੀ। ਉਨ੍ਹਾਂ ਕਿਹਾ ਕਿ ਜੇਕਰ ਮੈਂ ਜਿੱਤ ਗਈ ਤਾਂ ਗਰੀਬਾਂ ਦੇ ਅੱਛੇ ਦਿਨ ਆਉਣਗੇ। ਜੇਕਰ ਟਰੰਪ ਆਉਂਦਾ ਹੈ ਤਾਂ ਉਹ ਨੁਕਸਾਨ ਕਰੇਗਾ।
ਇਸ ਦੇ ਨਾਲ ਹੀ ਕਮਲਾ ਹੈਰਿਸ ਨੇ ਰੈਲੀ ‘ਚ ਵਾਅਦਾ ਕੀਤਾ ਕਿ ਜੇਕਰ ਉਹ ਰਾਸ਼ਟਰਪਤੀ ਬਣਦੀ ਹੈ, ਤਾਂ ਉਹ 30 ਲੱਖ ਤੋਂ ਵੱਧ ਘਰ ਬਣਾਵੇਗੀ। ਇਨ੍ਹਾਂ ਵਿਚੋਂ ਜ਼ਿਆਦਾਤਰ ਘਰ ਘੱਟ ਆਮਦਨ ਵਾਲੇ ਲੋਕਾਂ ਨੂੰ ਦਿੱਤੇ ਜਾਣਗੇ। ਪਹਿਲੀ ਵਾਰ ਘਰ ਖਰੀਦਣ ਵਾਲਿਆਂ ਨੂੰ 20 ਲੱਖ ਰੁਪਏ ਤੋਂ ਵੱਧ ਦੀ ਸਹਾਇਤਾ ਵੀ ਦਿੱਤੀ ਜਾਵੇਗੀ। ਕਮਲਾ ਹੈਰਿਸ ਨੇ ਆਪਣੀ ਰੈਲੀ ‘ਚ ਇਹ ਵੀ ਵਾਅਦਾ ਕੀਤਾ ਹੈ ਕਿ ਜੇਕਰ ਉਹ ਜਿੱਤਦੀ ਹੈ, ਤਾਂ ਪਹਿਲੇ ਬੱਚੇ ਦੇ ਜਨਮ ‘ਤੇ 5 ਲੱਖ ਰੁਪਏ ਦੀ ਸਬਸਿਡੀ ਦਿੱਤੀ ਜਾਵੇਗੀ। ਡੈਮੋਕ੍ਰੇਟਿਕ ਉਮੀਦਵਾਰ ਕਮਲਾ ਹੈਰਿਸ ਅਤੇ ਰਿਪਬਲਿਕਨ ਉਮੀਦਵਾਰ ਡੋਨਾਲਡ ਟਰੰਪ ਹੁਣ 10 ਸਤੰਬਰ ਦੀ ਬਹਿਸ ਦੀ ਤਿਆਰੀ ਵਿਚ ਰੁੱਝੇ ਹੋਏ ਹਨ।
ਇਸ ਦੌਰਾਨ ਟਰੰਪ ਨੇ ਕਮਲਾ ਨੂੰ ਬਹਿਸ ਵਿਚ ਹਰਾਉਣ ਲਈ ਤੁਲਸੀ ਗਬਾਰਡ ਦੀ ਮਦਦ ਮੰਗੀ ਹੈ। ਤੁਲਸੀ ਵੀ ਇਸ ਗੱਲ ਨਾਲ ਸਹਿਮਤ ਹੈ। ਉਹ ਜਲਦੀ ਹੀ ਟਰੰਪ ਦੀ ਮੁਹਿੰਮ ਟੀਮ ਵਿਚ ਸ਼ਾਮਲ ਹੋਵੇਗੀ। ਟਰੰਪ ਪਹਿਲੀ ਅਤੇ ਇਕੋ-ਇਕ ਰਾਸ਼ਟਰਪਤੀ ਬਹਿਸ ਵਿਚ ਕਮਲਾ ਖ਼ਿਲਾਫ਼ ਕਮਜ਼ੋਰ ਨਜ਼ਰ ਆਉਣ ਦਾ ਜ਼ੋਖਮ ਨਹੀਂ ਲੈਣਾ ਚਾਹੁੰਦੇ। ਟਰੰਪ ਕਮਲਾ ਨੂੰ ਉਸੇ ਤਰ੍ਹਾਂ ਹਰਾਉਣਾ ਚਾਹੁੰਦੇ ਹਨ, ਜਿਸ ਤਰ੍ਹਾਂ ਉਨ੍ਹਾਂ ਨੇ ਪਹਿਲੀ ਬਹਿਸ ਵਿਚ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੂੰ ਹਰਾਇਆ ਸੀ।