#AMERICA

ਕਮਲਾ ਹੈਰਿਸ ਭਾਰਤੀ-ਅਮਰੀਕੀਆਂ ਲਈ ਉਮੀਦ ਅਤੇ ਪ੍ਰਤੀਨਿਧਤਾ ਦਾ ਪ੍ਰਤੀਕ

ਵਾਸ਼ਿੰਗਟਨ, 30 ਜੁਲਾਈ (ਪੰਜਾਬ ਮੇਲ)- ਉਪ ਰਾਸ਼ਟਰਪਤੀ ਕਮਲਾ ਹੈਰਿਸ ਅਮਰੀਕਾ ‘ਚ 44 ਲੱਖ ਤੋਂ ਵੱਧ ਭਾਰਤੀ-ਅਮਰੀਕੀਆਂ ਲਈ ਉਮੀਦ ਅਤੇ ਪ੍ਰਤੀਨਿਧਤਾ ਦਾ ਪ੍ਰਤੀਕ ਹਨ। ਹੈਰਿਸ ਦੀ ਰਾਸ਼ਟਰਪਤੀ ਮੁਹਿੰਮ ਦਾ ”ਜ਼ਮੀਨੀ ਪੱਧਰ ‘ਤੇ ਉਤਸ਼ਾਹ” ਨਤੀਜੇ ਦੇ ਰਿਹਾ ਹੈ। ਹੈਰਿਸ (59) ਨਵੰਬਰ ਵਿਚ ਅਮਰੀਕਾ ਵਿਚ ਪ੍ਰਸਤਾਵਿਤ ਰਾਸ਼ਟਰਪਤੀ ਚੋਣਾਂ ਵਿਚ ਡੈਮੋਕ੍ਰੇਟਿਕ ਪਾਰਟੀ ਦੇ ਸੰਭਾਵੀ ਉਮੀਦਵਾਰ ਹਨ। ਰਾਸ਼ਟਰਪਤੀ ਜੋਅ ਬਾਇਡਨ ਦੇ ਦੌੜ ਤੋਂ ਹਟਣ ਤੋਂ ਬਾਅਦ ਉਸਨੇ ਪਿਛਲੇ ਹਫਤੇ ਅਧਿਕਾਰਤ ਤੌਰ ‘ਤੇ ਰਾਸ਼ਟਰਪਤੀ ਅਹੁਦੇ ਲਈ ਆਪਣੀ ਉਮੀਦਵਾਰੀ ਦਾ ਐਲਾਨ ਕੀਤਾ ਸੀ। ਹਾਲਾਂਕਿ ਡੈਮੋਕ੍ਰੇਟਿਕ ਪਾਰਟੀ ਨੇ ਅਜੇ ਤੱਕ ਉਨ੍ਹਾਂ ਨੂੰ ਆਪਣਾ ਅਧਿਕਾਰਤ ਉਮੀਦਵਾਰ ਨਹੀਂ ਐਲਾਨਿਆ ਹੈ।
ਭਾਰਤੀ ਮੂਲ ਦੀ ਹੋਣ ਕਰਕੇ ਕਮਲਾ ਹੈਰਿਸ ਨੂੰ ਭਾਰਤੀ-ਅਮਰੀਕੀ ਭਾਈਚਾਰੇ ਵੱਲੋਂ ਵਾਧੂ ਉਤਸ਼ਾਹ ਅਤੇ ਸਮਰਥਨ ਮਿਲਿਆ ਹੈ। ਕਮਲਾ ਹੈਰਿਸ ਦੀ ਮਾਂ ਭਾਰਤ ਦੇ ਚੇਨਈ ਤੋਂ ਹੈ, ਇਸ ਲਈ ਉਹ ਨਾ ਸਿਰਫ 44 ਲੱਖ ਤੋਂ ਵੱਧ ਭਾਰਤੀ-ਅਮਰੀਕੀਆਂ ਲਈ ਉਮੀਦਵਾਰ ਹੈ, ਸਗੋਂ ਆਸ ਤੇ ਨੁਮਾਇੰਦਗੀ ਦੀ ਪ੍ਰਤੀਕ ਵੀ ਹੈ। ਇਸ ਨੇ ਮੁਹਿੰਮ ਦੇ ਪਹਿਲੇ ਹਫ਼ਤੇ 200 ਕਰੋੜ ਡਾਲਰ ਦਾ ਚੰਦਾ ਇਕੱਠਾ ਕੀਤਾ ਹੈ ਅਤੇ 1,70,000 ਵਾਲੰਟੀਅਰਾਂ ਦੇ ਦਸਤਖ਼ਤ ਹਾਸਲ ਕੀਤੇ ਹਨ।