#AMERICA

ਕਮਲਾ ਹੈਰਿਸ ਦੀ ਤਾਰੀਫ ਕਰਦੇ ਹੋਏ ਓਬਾਮਾ ਨੇ ਡੀ.ਐੱਨ.ਸੀ. ‘ਚ ਦਿੱਤਾ ਨਾਅਰਾ

– ਕਿਹਾ: ਉਹ ਅਮਰੀਕਾ ਦੀ ਰਾਸ਼ਟਰਪਤੀ ਬਣਨ ਲਈ ਤਿਆਰ
– ਆਪਣੀ ਪਤਨੀ ਮਿਸ਼ੇਲ ਨਾਲ ਡੀ.ਐੱਨ.ਸੀ. ‘ਚ ਸ਼ਾਮਲ ਹੋਏ ਓਬਾਮਾ ਨੇ ਕਮਲਾ ਹੈਰਿਸ ਦੀ ਕੀਤੀ ਤਾਰੀਫ਼
ਸ਼ਿਕਾਗੋ, 24 ਅਗਸਤ (ਪੰਜਾਬ ਮੇਲ)- ਸ਼ਿਕਾਗੋ ‘ਚ ਆਯੋਜਿਤ ਡੈਮੋਕ੍ਰੇਟਿਕ ਨੈਸ਼ਨਲ ਕਨਵੈਨਸ਼ਨ ‘ਚ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਡੈਮੋਕ੍ਰੇਟਿਕ ਉਮੀਦਵਾਰ ਕਮਲਾ ਹੈਰਿਸ ਦੀ ਤਾਰੀਫ ਕਰਦੇ ਹੋਏ ਕਿਹਾ ਕਿ ਅਮਰੀਕਾ ਉਨ੍ਹਾਂ ਨੂੰ ਰਾਸ਼ਟਰਪਤੀ ਦੀ ਕੁਰਸੀ ‘ਤੇ ਦੇਖਣ ਲਈ ਤਿਆਰ ਹੈ।
ਖਚਾਖਚ ਭਰੇ ਮੈਦਾਨ ਵਿਚ ਤਾੜੀਆਂ ਦੀ ਗੜਗੜਾਹਟ ਦਰਮਿਆਨ ਓਬਾਮਾ ਨੇ ਕਮਲਾ ਹੈਰਿਸ ਨੂੰ ਇੱਕ ਅਜਿਹੀ ਸ਼ਖਸੀਅਤ ਦੱਸਿਆ, ਜਿਸ ਨੇ ਸਾਰੀ ਉਮਰ ਲੋਕਾਂ ਦੀ ਆਵਾਜ਼ ਬੁਲੰਦ ਕੀਤੀ ਹੈ। ਜੋ ਲੋਕਾਂ ਦੀ ਸੁਣਦੀ ਹੈ ਅਤੇ ਅਮਰੀਕੀਆਂ ਲਈ ਲੜਦੀ ਹੈ। ਆਪਣੇ ਮੁਹਿੰਮ ਦੇ ਨਾਅਰੇ ਦੀ ਤਰ੍ਹਾਂ, ਯੈੱਸ ਵੀ ਕੈਨ, ਓਬਾਮਾ ਨੇ ਹੈਰਿਸ ਲਈ ਵੀ ਇੱਕ ਨਾਅਰਾ ਦਿੱਤਾ – ਯੈੱਸ ਸ਼ੀ ਕੈਨ।
ਆਪਣੀ ਪਤਨੀ ਮਿਸ਼ੇਲ ਨਾਲ ਡੀ.ਐੱਨ.ਸੀ. ਵਿਚ ਸ਼ਾਮਲ ਹੋਏ ਓਬਾਮਾ ਨੇ ਕਮਲਾ ਹੈਰਿਸ ਦੀ ਤਾਰੀਫ਼ ਕਰਦਿਆਂ ਕਿਹਾ ਕਿ ਉਹ ਅਮਰੀਕਾ ਦੀ ਰਾਸ਼ਟਰਪਤੀ ਬਣਨ ਲਈ ਤਿਆਰ ਹਨ। ਇਸ ਤੋਂ ਬਾਅਦ ਭੀੜ ਨੇ ਵਾਰ-ਵਾਰ ਯੈੱਸ ਵੀ ਕੈਨ ਦੇ ਨਾਅਰੇ ਲਾਏ।
ਸਟੇਜ ਤੋਂ ਆਪਣੇ ਧਮਾਕੇਦਾਰ ਪ੍ਰਦਰਸ਼ਨ ਤੋਂ ਪਹਿਲਾਂ, ਬਰਾਕ ਓਬਾਮਾ ਅਤੇ ਉਨ੍ਹਾਂ ਦੀ ਪਤਨੀ ਮਿਸ਼ੇਲ ਨੇ ਕਾਨਫਰੰਸ ਵਿਚ ਜਾਣ ਵਾਲਿਆਂ ਨੂੰ ਕਿਹਾ ਕਿ ਇਸ ਵਾਰ ਹਵਾ ਵਿਚ ਕੁਝ ਜਾਦੂਈ ਸੀ। ਮਿਸ਼ੇਲ ਨੇ ਆਪਣੇ ਸੰਬੋਧਨ ‘ਚ ਕਿਹਾ ਕਿ ਇਹ ਉਮੀਦ ਦੀ ਨਵੀਂ ਤਾਕਤ ਹੈ। ਓਬਾਮਾ ਨੇ ਹੈਰਿਸ ਨੂੰ ਮੇਰੀ ਕੁੜੀ ਕਹਿ ਕੇ ਸੰਬੋਧਿਤ ਕਰਦੇ ਹੋਏ ਕਿਹਾ ਕਿ ਦੇਸ਼ ਵਿਚ ਇੱਕ ਵਾਰ ਫਿਰ ਨਵੀਂ ਉਮੀਦ ਜਾਗੀ ਹੈ।
ਇਸ ਤੋਂ ਪਹਿਲਾਂ ਸੋਮਵਾਰ ਨੂੰ, ਰਾਸ਼ਟਰਪਤੀ ਜੋਅ ਬਾਇਡਨ ਨੇ ਡੀ.ਐੱਨ.ਸੀ. ਵਿਖੇ ਇੱਕ ਸ਼ਕਤੀਸ਼ਾਲੀ ਅਤੇ ਭਾਵਨਾਤਮਕ ਭਾਸ਼ਣ ਦਿੱਤਾ। ਤਾੜੀਆਂ ਦੀ ਗੂੰਜ ‘ਚ ਆਪਣੇ ਹੰਝੂ ਪੂੰਝਦੇ ਹੋਏ ਬਾਇਡਨ ਨੇ ਕਿਹਾ ਕਿ ਰਾਸ਼ਟਰਪਤੀ ਵਜੋਂ ਤੁਹਾਡੀ ਸੇਵਾ ਕਰਨਾ ਮੇਰੇ ਲਈ ਸਭ ਤੋਂ ਵੱਡਾ ਸਨਮਾਨ ਹੈ। ਮੈਂ ਆਪਣੇ ਕੰਮ ਨੂੰ ਪਿਆਰ ਕਰਦਾ ਹਾਂ, ਮੈਂ ਆਪਣੇ ਦੇਸ਼ ਨੂੰ ਪਿਆਰ ਕਰਦਾ ਹਾਂ।