#AMERICA

ਕਮਲਾ ਹੈਰਿਸ ਟਰੰਪ ਲਈ ਖੜ੍ਹੀਆਂ ਕਰ ਸਕਦੀ ਹੈ ਮੁਸ਼ਕਿਲਾਂ : ਸਰਵੇਖਣ

ਸੈਕਰਾਮੈਂਟੋ, 25 ਜੁਲਾਈ (ਪੰਜਾਬ ਮੇਲ)- ਉੱਪ ਰਾਸ਼ਟਰਪਤੀ ਕਮਲਾ ਹੈਰਿਸ ਨੂੰ ਚੋਣ ਮੈਦਾਨ ਛੱਡ ਗਏ ਜੋਅ ਬਾਇਡਨ ਵੱਲੋਂ ਰਾਸ਼ਟਰਪਤੀ ਦੇ ਅਹੁਦੇ ਲਈ ਉਮੀਦਵਾਰ ਵਜੋਂ ਨਾਮਜ਼ਦ ਕਰਨ ਤੋਂ ਬਾਅਦ ਅਮਰੀਕਾ ਵਿਚ ਰਾਜਸੀ ਦ੍ਰਿਸ਼ ਤੇਜ਼ੀ ਨਾਲ ਬਦਲਦਾ ਨਜ਼ਰ ਆ ਰਿਹਾ ਹੈ। ਕਮਲਾ ਹੈਰਿਸ ਦੀ ਪ੍ਰਸਿੱਧੀ ਦਾ ਗ੍ਰਾਫ਼ ਉੱਪਰ ਚੜ੍ਹ ਰਿਹਾ ਹੈ। ਇਕ ਤਾਜ਼ਾ ਸਰਵੇ ਵਿਚ ਕਿਹਾ ਗਿਆ ਹੈ ਕਿ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਲਈ ਕਮਲਾ ਹੈਰਿਸ ਮੁਸ਼ਕਿਲਾਂ ਖੜ੍ਹੀਆਂ ਕਰ ਸਕਦੀ ਹੈ। ਜੋਅ ਬਾਇਡਨ ਨਾਲ ਬਹਿਸ ਉਪਰੰਤ ਭਰੋਸਾ ਕੀਤਾ ਜਾ ਰਿਹਾ ਹੈ ਕਿ ਟਰੰਪ ਜਿੱਤ ਜਾਣ ਦੀ ਸਥਿਤੀ ਵਿਚ ਹਨ, ਪਰ ਤੇਜ਼ੀ ਨਾਲ ਬਦਲਦੇ ਰਾਜਸੀ ਹਾਲਾਤ ਦੇ ਮੱਦੇਨਜ਼ਰ ਹੁਣ ਉਨ੍ਹਾਂ ਦੀ ਸਥਿਤੀ ਪਹਿਲਾਂ ਵਾਲੀ ਨਹੀਂ ਰਹੀ। ਰਾਈਟਰਜ਼-ਇਪਸੋਸ ਦੇ ਤਾਜ਼ਾ ਸਰਵੇਖਣ ਜੋ 22 ਜੁਲਾਈ ਤੋਂ 23 ਜੁਲਾਈ ਨੂੰ ਕੀਤਾ ਗਿਆ, ਅਨੁਸਾਰ ਹੈਰਿਸ ਰਜਿਸਟਰਡ ਵੋਟਰਾਂ ਦੇ 44 ਫ਼ੀਸਦੀ ਸਮਰਥਨ ਨਾਲ ਟਰੰਪ ਤੋਂ ਅੱਗੇ ਹੈ। ਟਰੰਪ ਨੂੰ 42 ਫ਼ੀਸਦੀ ਵੋਟਰਾਂ ਦਾ ਸਮਰਥਨ ਮਿਲਿਆ ਹੈ। 5 ਫ਼ੀਸਦੀ ਵੋਟਰਾਂ ਨੇ ਕਿਹਾ ਹੈ ਕਿ ਉਹ ਕਿਸੇ ਹੋਰ ਉਮੀਦਵਾਰ ਨੂੰ ਵੋਟ ਪਾਉਣਗੇ। 4 ਫ਼ੀਸਦੀ ਵੋਟਰ ਕਿਸੇ ਵੀ ਉਮੀਦਵਾਰ ਨੂੰ ਵੋਟ ਨਾ ਪਾਉਣ ਦੇ ਹੱਕ ‘ਚ ਹਨ, ਜਦਕਿ 5 ਫ਼ੀਸਦੀ ਨੇ ਕਿਹਾ ਹੈ ਕਿ ਉਹ ਕੁਝ ਨਹੀਂ ਕਹਿ ਸਕਦੇ। ਇਸ ਸਰਵੇ ‘ਚ 3 ਫ਼ੀਸਦੀ ਗਲਤੀ ਦੀ ਸੰਭਾਵਨਾ ਰੱਖੀ ਗਈ ਹੈ। ਇਸ ਸਰਵੇ ਦੀਆਂ ਲੱਭਤਾਂ ਅਨੁਸਾਰ ਹੈਰਿਸ ਤੇਜ਼ੀ ਨਾਲ ਸਾਬਤ ਕਦਮਾਂ ਨਾਲ ਅੱਗੇ ਵਧ ਰਹੀ ਹੈ। ਇਸ ਤੋਂ ਪਹਿਲਾਂ ਜੁਲਾਈ ਵਿਚ ਹੀ ਕੀਤੇ ਇਕ ਸਰਵੇ ‘ਚ ਹੈਰਿਸ ਤੇ ਟਰੰਪ ਨੂੰ ਬਰਾਬਰ 44 ਫ਼ੀਸਦੀ ਵੋਟਰਾਂ ਨੇ ਸਮਰਥਨ ਦਿੱਤਾ ਸੀ, ਜਦਕਿ ਜੂਨ ‘ਚ ਕੀਤੇ ਸਰਵੇ ਵਿਚ ਟਰੰਪ ਨੂੰ 1 ਫ਼ੀਸਦੀ ਬੜ੍ਹਤ ਹਾਸਲ ਸੀ। ਇਸੇ ਦੌਰਾਨ ਵੱਖ-ਵੱਖ ਸੂਤਰਾਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਕਮਲਾ ਹੈਰਿਸ ਨੇ ਡੈਮੋਕ੍ਰੇਟਿਕ ਨੈਸ਼ਨਲ ਕਨਵੈਨਸ਼ਨ ਲਈ ਲੋੜੀਂਦੇ ਡੈਲੀਗੇਟਾਂ ਦਾ ਸਮਰਥਨ ਪ੍ਰਾਪਤ ਕਰ ਲਿਆ ਹੈ ਤੇ ਉਸ ਨੂੰ ਅਗਲੇ ਮਹੀਨੇ ਪਾਰਟੀ ਵਲੋਂ ਰਾਸ਼ਟਰਪਤੀ ਅਹੁਦੇ ਲਈ ਉਮੀਦਵਾਰ ਐਲਾਨ ਦਿੱਤਾ ਗਿਆ। ਡੈਲੀਗੇਟਾਂ ਬਾਰੇ ਏ.ਪੀ. ਵੱਲੋਂ ਕੀਤੇ ਇਕ ਸਰਵੇ ਵਿਚ ਕਿਹਾ ਗਿਆ ਹੈ ਕਿ ਹੈਰਿਸ ਨੂੰ 2538 ਡੈਲੀਗੇਟਾਂ ਦਾ ਸਮਰਥਨ ਹਾਸਲ ਹੈ, ਜਦਕਿ ਉਸ ਨੂੰ ਪਾਰਟੀ ਉਮੀਦਵਾਰ ਬਣਨ ਲਈ 1976 ਡੈਲੀਗੇਟਾਂ ਦੀ ਲੋੜ ਹੈ। ਡੈਮੋਕਰੇਟਿਕ ਨੈਸ਼ਨਲ ਕਮੇਟੀ ਦੇ ਚੇਅਰਮੈਨ ਜੈਮ ਹੈਰੀਸਨ ਨੇ ਕਿਹਾ ਕਿ ਪਾਰਟੀ ਵੱਲੋਂ ਰਾਸ਼ਟਰਪਤੀ ਲਈ ਉਮੀਦਵਾਰ ਦਾ ਐਲਾਨ 7 ਅਗਸਤ ਤੱਕ ਕਰ ਦਿੱਤਾ ਜਾਵੇਗਾ।