#PUNJAB

ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਕਤਲ ਮਾਮਲਾ: ਮਾਮਲੇ ‘ਚ ਸ਼ਾਮਲ 2 ਸ਼ੂਟਰਾਂ ਤੋਂ ਨਾਜਾਇਜ਼ ਹਥਿਆਰ ਬਰਾਮਦ

ਜਲੰਧਰ, 1 ਮਾਰਚ (ਪੰਜਾਬ ਮੇਲ)– ਦਿਹਾਤੀ ਪੁਲਿਸ ਨੇ 2022 ਵਿਚ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੰਦੀਪ ਸਿੰਘ ਨੰਗਲ ਅੰਬੀਆਂ ਦੀ ਹੱਤਿਆ ਵਿਚ ਸ਼ਾਮਲ 2 ਸ਼ੂਟਰਾਂ ਤੋਂ ਨਾਜਾਇਜ਼ ਹਥਿਆਰ ਬਰਾਮਦ ਕੀਤੇ ਹਨ। ਉਕਤ ਜਾਣਕਾਰੀ ਦਿੰਦੇ ਹੋਏ ਐੱਸ.ਐੱਸ.ਪੀ. ਜਲੰਧਰ ਦਿਹਾਤੀ ਹਰਕਮਲਪ੍ਰੀਤ ਸਿੰਘ ਖੱਖ ਨੇ ਦੱਸਿਆ ਕਿ ਮੁਲਜ਼ਮ ਪੁਨੀਤ ਕੁਮਾਰ ਉਰਫ਼ ਲਖਨਪਾਲ ਪੁੱਤਰ ਰਾਜਿੰਦਰ ਕੁਮਾਰ ਨਿਵਾਸੀ ਮੁਹੱਲਾ ਅਮਨ ਨਗਰ ਜਲੰਧਰ ਅਤੇ ਨਰਿੰਦਰ ਕੁਮਾਰ ਉਰਫ਼ ਲਾਲੀ ਪੁੱਤਰ ਸੁਭਾਸ਼ ਚੰਦਰ ਨਿਵਾਸੀ ਗੋਬਿੰਦ ਨਗਰ ਜਲੰਧਰ ਨੂੰ ਜਲੰਧਰ ਦਿਹਾਤੀ ਪੁਲਿਸ ਪ੍ਰੋਡਕਸ਼ਨ ਵਾਰੰਟ ‘ਤੇ ਲੈ ਕੇ ਆਈ ਸੀ। ਪੁੱਛਗਿੱਛ ਦੌਰਾਨ ਉਨ੍ਹਾਂ ਜੁਰਮ ਕਰਨ ਲਈ ਵਰਤੇ ਹਥਿਆਰਾਂ ਬਾਰੇ ਜਾਣਕਾਰੀ ਦਿੱਤੀ, ਜਿਨ੍ਹਾਂ ਨੂੰ ਹੁਣ ਪੁਲਿਸ ਨੇ ਬਰਾਮਦ ਕਰ ਲਿਆ ਹੈ। ਬਰਾਮਦ ਸਾਮਾਨ ਵਿਚ 2 ਪਿਸਤੌਲ ਅਤੇ ਜ਼ਿੰਦਾ ਕਾਰਤੂਸ ਸ਼ਾਮਲ ਹਨ।
ਐੱਸ.ਐੱਸ.ਪੀ. ਖੱਖ ਨੇ ਕਿਹਾ ਕਿ ਇਸ ਹਾਈ ਪ੍ਰੋਫਾਈਲ ਕਤਲ ਮਾਮਲੇ ‘ਚ ਹਥਿਆਰਾਂ ਦੀ ਬਰਾਮਦਗੀ ਇਕ ਮਹੱਤਵਪੂਰਨ ਸਬੂਤ ਹੈ। ਇਨ੍ਹਾਂ ਹਥਿਆਰਾਂ ਦੀ ਬਰਾਮਦਗੀ ਲਈ ਹੀ ਮੁਲਜ਼ਮਾਂ ਨੂੰ ਪ੍ਰੋਡਕਸ਼ਨ ਵਾਰੰਟ ‘ਤੇ ਲਿਆਂਦਾ ਗਿਆ ਸੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਹਥਿਆਰਾਂ ਦੀ ਵਰਤੋਂ ਸੰਦੀਪ ਨੰਗਲ ਅੰਬੀਆਂ ਦੇ ਕਤਲ ਵਿਚ ਕੀਤੀ ਗਈ ਸੀ। ਆਪ੍ਰੇਸ਼ਨ ਬਾਰੇ ਜਾਣਕਾਰੀ ਸਾਂਝੀ ਕਰਦੇ ਹੋਏ ਐੱਸ.ਐੱਸ.ਪੀ. ਖੱਖ ਨੇ ਦੱਸਿਆ ਕਿ ਇਹ ਰਿਕਵਰੀ ਮੁਹਿੰਮ ਐੱਸ.ਪੀ. (ਇਨਵੈਸਟੀਗੇਸ਼ਨ) ਜਸਰੂਪ ਕੌਰ ਬਾਠ ਅਤੇ ਡੀ.ਐੱਸ.ਪੀ. ਨਕੋਦਰ ਸੁਖਪਾਲ ਸਿੰਘ ਦੀ ਅਗਵਾਈ ਵਿਚ ਸੀ.ਆਈ.ਏ. ਸਟਾਫ਼ ਇੰਚਾਰਜ ਇੰਸ. ਪੁਸ਼ਪ ਬਾਲੀ, ਥਾਣਾ ਸਦਰ ਨਕੋਦਰ ਦੇ ਥਾਣਾ ਇੰਚਾਰਜ ਐੱਸ.ਆਈ. ਬਲਜਿੰਦਰ ਸਿੰਘ ਦੀ ਸਰਗਰਮ ਹਿੱਸੇਦਾਰੀ ਨਾਲ ਕੀਤੀ ਗਈ।
ਐੱਸ.ਐੱਸ.ਪੀ. ਖੱਖ ਨੇ ਦੱਸਿਆ ਕਿ 14 ਮਾਰਚ 2022 ਨੂੰ ਪਿੰਡ ਮੱਲ੍ਹੀਆਂ ਕਲਾਂ ਵਿਚ ਇਕ ਕਬੱਡੀ ਟੂਰਨਾਮੈਂਟ ਦੌਰਾਨ ਹਮਲਾਵਰਾਂ ਨੇ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੰਦੀਪ ਸਿੰਘ ਨੰਗਲ ਅੰਬੀਆਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਥਾਣਾ ਸਦਰ ਨਕੋਦਰ ਵਿਚ ਧਾਰਾ 302, 307, 148, 149, 120-ਬੀ, 212, 216 ਆਈ. ਪੀ. ਸੀ. ਅਤੇ 25/27/54-59 ਆਰਮਜ਼ ਐਕਟ ਤਹਿਤ ਮਾਮਲਾ (ਐੱਫ.ਆਈ.ਆਰ. ਨੰਬਰ 40 ਮਿਤੀ 14 ਮਾਰਚ 2022) ਦਰਜ ਕੀਤਾ ਗਿਆ ਸੀ।
ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਖ਼ੁਲਾਸਾ ਕੀਤਾ ਕਿ ਉਨ੍ਹਾਂ ਨੂੰ ਵਿਦੇਸ਼ੀ ਹੈਂਡਲਰ ਜਗਜੀਤ ਸਿੰਘ ਉਰਫ਼ ਗਾਂਧੀ ਉਰਫ਼ ਲੱਕੀ ਨੇ ਭਰਤੀ ਕੀਤਾ ਸੀ, ਜਿਸ ਨੇ ਉਨ੍ਹਾਂ ਨੂੰ ਸੰਦੀਪ ਨੰਗਲ ਅੰਬੀਆਂ ਦਾ ਕਤਲ ਕਰਨ ਦਾ ਨਿਰਦੇਸ਼ ਦੇਣ ਤੋਂ ਪਹਿਲਾਂ ਵੱਖ-ਵੱਖ ਥਾਵਾਂ ‘ਤੇ ਰਿਹਾਇਸ਼ ਮੁਹੱਈਆ ਕਰਵਾਈ ਸੀ। ਜਾਂਚ ਵਿਚ ਪਤਾ ਲੱਗਾ ਕਿ ਸ਼ੂਟਰਾਂ ਨੇ ਆਪਣੇ 3 ਹੋਰ ਸਾਥੀਆਂ ਵਿਕਾਸ ਮਹਾਲੇ ਉਰਫ਼ ਦਯਾ, ਰਵਿੰਦਰ ਸਿੰਘ ਉਰਫ਼ ਹੈਰੀ ਉਰਫ਼ ਗੱਟੂ ਅਤੇ ਹਰਜੀਤ ਸਿੰਘ ਉਰਫ਼ ਹੈਰੀ ਨਾਲ ਮਿਲ ਕੇ ਪਿੰਡ ਮੱਲ੍ਹੀਆਂ ਵਿਚ ਹੱਤਿਆ ਕਾਂਡ ਨੂੰ ਅੰਜਾਮ ਦਿੱਤਾ ਸੀ।
ਉਨ੍ਹਾਂ ਕਿਹਾ ਕਿ ਇਨ੍ਹਾਂ ਹਥਿਆਰਾਂ ਦੀ ਬਰਾਮਦਗੀ ਨਾਲ ਦਿਹਾਤੀ ਪੁਲਿਸ ਨੇ ਹੱਤਿਆ ਵਿਚ ਸ਼ਾਮਲ ਕੁੱਲ੍ਹ 16 ਮੁਲਜ਼ਮਾਂ ਖ਼ਿਲਾਫ਼ ਮਾਮਲਾ ਮਜ਼ਬੂਤ ਕਰ ਲਿਆ ਹੈ। ਇਨ੍ਹਾਂ ਹਥਿਆਰਾਂ ਦੀ ਬਰਾਮਦਗੀ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਵਿਚ ਅਹਿਮ ਭੂਮਿਕਾ ਨਿਭਾਏਗੀ। ਉਨ੍ਹਾਂ ਕਿਹਾ ਕਿ ਜ਼ਬਤ ਹਥਿਆਰਾਂ ਦੀ ਫੋਰੈਂਸਿਕ ਜਾਂਚ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਮੁਲਜ਼ਮ ਪਹਿਲਾਂ ਗ੍ਰਿਫ਼ਤਾਰੀ ਤੋਂ ਬਚ ਰਹੇ ਸਨ ਅਤੇ ਗ੍ਰਿਫ਼ਤਾਰ ਹੋਣ ਤੋਂ ਪਹਿਲਾਂ ਕਈ ਸੂਬਿਆਂ ਵਿਚ ਵੱਖ-ਵੱਖ ਥਾਵਾਂ ‘ਤੇ ਲੁਕੇ ਹੋਏ ਸਨ।
ਗ੍ਰਿਫ਼ਤਾਰ ਵਿਅਕਤੀਆਂ ਦਾ ਅਪਰਾਧਿਕ ਰਿਕਾਰਡ
ਪੁਨੀਤ ਕੁਮਾਰ ਉਰਫ਼ ਲਖਨਪਾਲ : ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਅਤੇ ਸੁਖਮੀਤ ਡਿਪਟੀ ਹੱਤਿਆ ਕਾਂਡ ਵਿਚ ਸ਼ਾਮਲ ਖੂੰਖਾਰ ਸ਼ੂਟਰ।
ਨਰਿੰਦਰ ਕੁਮਾਰ ਉਰਫ ਲਾਲੀ : ਸੰਦੀਪ ਨੰਗਲ ਅੰਬੀਆਂ ਦਾ ਕਤਲ ਅਤੇ ਹੋਰ ਗੰਭੀਰ ਅਪਰਾਧਿਕ ਸਰਗਰਮੀਆਂ ਸਮੇਤ ਹਾਈ ਪ੍ਰੋਫਾਈਲ ਕਤਲ ਦੇ ਮਾਮਲਿਆਂ ਵਿਚ ਲੋੜੀਂਦਾ ਮੁੱਖ ਨਿਸ਼ਾਨੇਬਾਜ਼। ਐੱਸ.ਐੱਸ.ਪੀ. ਨੇ ਦੱਸਿਆ ਕਿ ਇਸ ਸਬੰਧ ਵਿਚ ਥਾਣਾ ਸਦਰ ਨਕੋਦਰ, ਜਲੰਧਰ ਦਿਹਾਤੀ ਵਿਚ ਧਾਰਾ 302, 307, 148, 149, 120-ਬੀ, 212, 216 ਆਈ. ਪੀ. ਸੀ. ਅਤੇ 25/27/54/59 ਆਰਮਜ਼ ਐਕਟ ਤਹਿਤ ਐੱਫ.ਆਈ.ਆਰ. ਨੰਬਰ 40 ਮਿਤੀ 14 ਮਾਰਚ 2022 ਦਰਜ ਕੀਤੀ ਗਈ ਸੀ।