-ਬੰਬੀਹਾ ਗੈਂਗ ਨੇ ਲਈ ਹੱਤਿਆ ਦੀ ਜ਼ਿੰਮੇਵਾਰੀ
ਐੱਸ.ਏ.ਐੱਸ. ਨਗਰ, 17 ਦਸੰਬਰ (ਪੰਜਾਬ ਮੇਲ)- ਮੋਹਾਲੀ ‘ਚ ਕਬੱਡੀ ਟੂਰਨਾਮੈਂਟ ਦੌਰਾਨ ਕਬੱਡੀ ਖਿਡਾਰੀ ਤੇ ਪ੍ਰਮੋਟਰ ਕੰਵਰ ਦਿਗਵਿਜੈ ਸਿੰਘ ਉਰਫ਼ ਰਾਣਾ ਬਲਾਚੌਰੀਆ ਦੀ ਹੱਤਿਆ ਦੇ ਮਾਮਲੇ ‘ਚ ਪੋਸਟਮਾਰਟਮ ਰਿਪੋਰਟ ਨੇ ਹੈਰਾਨ ਕਰਨ ਵਾਲੇ ਖੁਲਾਸੇ ਕੀਤੇ ਹਨ। ਪੋਸਟਮਾਰਟਮ ਦੌਰਾਨ ਸਾਹਮਣੇ ਆਇਆ ਹੈ ਕਿ ਹਮਲਾਵਰਾਂ ਨੇ ਰਾਣਾ ਨੂੰ ਪਿੱਛੋਂ ਬਿਲਕੁਲ ਨੇੜਿਓਂ ਸਿਰ ‘ਚ ਗੋਲੀ ਮਾਰੀ, ਜੋ ਮੂੰਹ ਰਸਤੇ ਬਾਹਰ ਨਿਕਲ ਗਈ। ਇਸ ਕਾਰਨ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਉਸ ਦੀ ਮੌਤ ਹੋ ਗਈ।
ਮੋਹਾਲੀ ਦੇ ਐੱਸ.ਐੱਸ.ਪੀ. ਹਰਮਨਦੀਪ ਸਿੰਘ ਹੰਸ ਨੇ ਪ੍ਰੈੱਸ ਕਾਨਫਰੰਸ ‘ਚ ਦੱਸਿਆ ਕਿ ਅੰਮ੍ਰਿਤਸਰ ਦੇ ਆਦਿਤਿਆ ਕਪੂਰ ਉਰਫ਼ ਮੱਖਣ ਅਤੇ ਕਰਨ ਪਾਠਕ ਨੇ ਰਾਣਾ ਨੂੰ ਗੋਲੀਆਂ ਮਾਰੀਆਂ। ਦੋਵਾਂ ਨੇ ਸੈਲਫੀ ਲੈਣ ਦੇ ਬਹਾਨੇ ਰਾਣਾ ਨੂੰ ਰੋਕ ਕੇ ਵਾਰਦਾਤ ਨੂੰ ਅੰਜਾਮ ਦਿੱਤਾ। ਐੱਸ.ਐੱਸ.ਪੀ. ਨੇ ਕਿਹਾ ਕਿ ਰਾਣਾ ਦੇ ਗੈਂਗਸਟਰ ਜੱਗੂ ਭਗਵਾਨਪੁਰੀਆ ਨਾਲ ਸੰਬੰਧਾਂ ਦੇ ਸ਼ੱਕ ਕਾਰਨ ਬੰਬੀਹਾ ਗੈਂਗ ਦੇ ਲੱਕੀ ਪਟਿਆਲ ਅਤੇ ਡੋਨੀ ਬੱਲ ਦੇ ਕਹਿਣ ‘ਤੇ ਇਹ ਕਤਲ ਕਰਵਾਇਆ ਗਿਆ।
ਐੱਸ.ਐੱਸ.ਪੀ. ਹਰਮਨਦੀਪ ਸਿੰਘ ਹੰਸ ਨੇ ਸਪੱਸ਼ਟ ਕੀਤਾ ਕਿ ਇਸ ਹੱਤਿਆ ਦਾ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨਾਲ ਕੋਈ ਸਿੱਧਾ ਸੰਬੰਧ ਨਹੀਂ ਹੈ ਅਤੇ ਇਸ ਮਾਮਲੇ ਨੂੰ ਸੈਂਸੇਸ਼ਨਲ ਬਣਾਉਣ ਲਈ ਮੂਸੇਵਾਲਾ ਦਾ ਨਾਮ ਲਿਆ ਗਿਆ। ਉਨ੍ਹਾਂ ਦੱਸਿਆ ਕਿ ਇਹ ਕਤਲ ਕਬੱਡੀ ਦੇ ਮੈਦਾਨ ‘ਚ ਡੋਮੀਨੇਸ਼ਨ ਬਣਾਉਣ ਦੇ ਮਕਸਦ ਨਾਲ ਕੀਤਾ ਗਿਆ, ਕਿਉਂਕਿ ਰਾਣਾ ਬਲਾਚੌਰੀਆ ਕਬੱਡੀ ਫੀਲਡ ਵਿਚ ਵੱਡਾ ਨਾਮ ਸੀ।
ਜ਼ਿਕਰਯੋਗ ਹੈ ਕਿ ਸੋਮਵਾਰ ਦੇਰ ਸ਼ਾਮ ਸੋਹਾਣਾ ਵਿਚ 2 ਤੋਂ 3 ਹਮਲਾਵਰ ਫੈਨ ਬਣ ਕੇ ਰਾਣਾ ਦੇ ਨੇੜੇ ਪਹੁੰਚੇ ਅਤੇ ਸੈਲਫੀ ਦੇ ਬਹਾਨੇ ਉਸ ਨੂੰ ਗੋਲੀ ਮਾਰ ਦਿੱਤੀ। ਗੰਭੀਰ ਹਾਲਤ ਵਿਚ ਰਾਣਾ ਨੂੰ ਫੋਰਟਿਸ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਮੰਗਲਵਾਰ ਸਵੇਰੇ ਉਸ ਦੀ ਲਾਸ਼ ਮੋਹਾਲੀ ਦੇ ਸਰਕਾਰੀ ਹਸਪਤਾਲ ਵਿਚ ਪੋਸਟਮਾਰਟਮ ਲਈ ਲਿਆਂਦੀ ਗਈ ਸੀ, ਜਿੱਥੇ ਉਸ ਦਾ ਪੋਸਟਮਾਰਟਮ ਹੋਇਆ।
ਰਾਣਾ ਬਲਾਚੌਰੀਆ ਦਾ ਅੰਤਿਮ ਸਸਕਾਰ ਬੇਹੱਦ ਗੰਮਗੀਨ ਮਾਹੌਲ ‘ਚ ਹੋਇਆ। ਰਾਣਾ ਦੀ ਅੰਤਿਮ ਯਾਤਰਾ ਵਿਚ ਵੱਡੀ ਗਿਣਤੀ ਵਿਚ ਲੋਕ ਸ਼ਾਮਲ ਹੋਏ ਤੇ ਇਸ ਔਖ਼ੀ ਘੜੀ ਵਿਚ ਪਰਿਵਾਰ ਦਾ ਦੁੱਖ ਵੰਡਾਇਆ। ਜਵਾਨ ਪੁੱਤ ਦੀ ਮੌਤ ‘ਤੇ ਪਰਿਵਾਰ ਧਾਹਾਂ ਮਾਰ ਕੇ ਰੋ ਪਿਆ। ਉਨ੍ਹਾਂ ਦੇ ਭਰਾ ਰਣਵੀਜੇ ਸਿੰਘ ਨੇ ਉਨ੍ਹਾਂ ਨੂੰ ਮੁਖ ਅਗਨੀ ਦਿੱਤੀ।
ਇਸ ਹਮਲੇ ਦੌਰਾਨ ਰੋਪੜ ਨਿਵਾਸੀ ਜਗਪ੍ਰੀਤ ਸਿੰਘ ਨੂੰ ਵੀ ਗੋਲੀ ਲੱਗੀ ਹੈ। ਉਹ ਜ਼ਮੀਨ ‘ਤੇ ਡਿੱਗੇ ਰਾਣਾ ਦੀ ਮਦਦ ਲਈ ਦੌੜਿਆ ਸੀ। ਐੱਸ.ਐੱਸ.ਪੀ. ਨੇ ਦੱਸਿਆ ਕਿ ਇਸ ਮਾਮਲੇ ਵਿਚ 2–3 ਹੋਰ ਵਿਅਕਤੀਆਂ ਵੱਲੋਂ ਸ਼ੂਟਰਾਂ ਨੂੰ ਗਰਾਊਂਡ ਸਹਾਇਤਾ ਦਿੱਤੀ ਗਈ, ਜਿਨ੍ਹਾਂ ਦੀ ਪਛਾਣ ਕੀਤੀ ਜਾ ਰਹੀ ਹੈ।
ਪੁਲਿਸ ਅਨੁਸਾਰ, ਆਦਿਤਿਆ ਕਪੂਰ ਉਰਫ਼ ਮੱਖਣ ‘ਤੇ ਪਹਿਲਾਂ ਹੀ 15 ਕੇਸ ਦਰਜ ਹਨ, ਜਦਕਿ ਕਰਨ ਪਾਠਕ ‘ਤੇ 2 ਕੇਸ ਦਰਜ ਹਨ। ਦੋਵੇਂ ਡੋਨੀ ਬੱਲ ਗੈਂਗ ਨਾਲ ਜੁੜੇ ਹੋਏ ਹਨ। ਤੀਜੇ ਸ਼ੂਟਰ ਦੀ ਪਛਾਣ ਹੋ ਚੁੱਕੀ ਹੈ, ਪਰ ਫਿਲਹਾਲ ਉਸ ਬਾਰੇ ਖੁਲਾਸਾ ਨਹੀਂ ਕੀਤਾ ਗਿਆ।
ਇਥੇ ਇਹ ਵੀ ਜ਼ਿਕਰਯੋਗ ਹੈ ਕਿ ਰਾਣਾ ਬਲਾਚੌਰੀਆ ਦੀ 6 ਦਸੰਬਰ ਨੂੰ ਹੀ ਦੇਹਰਾਦੂਨ ਦੀ ਇੱਕ ਲੜਕੀ ਨਾਲ ਲਵ ਮੈਰਿਜ ਹੋਈ ਸੀ। ਹੱਤਿਆ ਦੀ ਜ਼ਿੰਮੇਵਾਰੀ ਮਸ਼ਹੂਰ ਸ਼ੂਟਰ ਦਵਿੰਦਰ ਬੰਬੀਹਾ ਗੈਂਗ ਵੱਲੋਂ ਲਈ ਗਈ ਹੈ, ਜਿਸ ਨੂੰ ਇਸ ਸਮੇਂ ਆਰਮੀਨੀਆ ‘ਚ ਬੈਠਾ ਗੈਂਗਸਟਰ ਲੱਕੀ ਪਟਿਆਲ ਚਲਾ ਰਿਹਾ ਹੈ।
ਕਬੱਡੀ ਖਿਡਾਰੀ ਤੇ ਪ੍ਰਮੋਟਰ ਰਾਣਾ ਬਲਾਚੌਰੀਆ ਦੇ ਹੱਤਿਆਰਿਆਂ ਦੀ ਹੋਈ ਪਛਾਣ

