#PUNJAB

ਕਪੂਰਥਲਾ ‘ਚ ਕੈਨੇਡਾ ਤੋਂ ਆਈ ਮਹਿਲਾ ਦਾ ਦਿਨ-ਦਿਹਾੜੇ ਕਤਲ

ਕਪੂਰਥਲਾ, 2 ਜਨਵਰੀ (ਪੰਜਾਬ ਮੇਲ)- ਕਪੂਰਥਲਾ ਵਿਖੇ ਵੱਡੀ ਵਾਰਦਾਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਥੋਂ ਦੇ ਸੀਨਪੁਰਾ ਮੁਹੱਲੇ ਦੋ ਬਾਈਕ ਸਵਾਰ ਬਦਮਾਸ਼ਾਂ ਨੇ ਇਕ 48 ਸਾਲਾ ਮਹਿਲਾ ਦਾ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ। ਮ੍ਰਿਤਕਾ ਦੀ ਪਛਾਣ ਹੇਮਪ੍ਰੀਤ ਕੌਰ ਵਜੋਂ ਹੋਈ ਹੈ, ਜੋਕਿ ਕਰੀਬ ਇਕ ਮਹੀਨਾ ਪਹਿਲਾਂ ਹੀ ਕੈਨੇਡਾ ਤੋਂ ਵਾਪਸ ਪਰਤੀ ਸੀ। ਉਸ ਨੇ ਇਕ ਦਿਨ ਪਹਿਲਾਂ ਹੀ ਆਪਣਾ ਸੈਲੂਨ ਸ਼ੁਰੂ ਕੀਤਾ ਸੀ।
ਵਾਰਦਾਤ ਦਾ ਵੇਰਵਾ ਜਾਣਕਾਰੀ ਅਨੁਸਾਰ ਇਹ ਘਟਨਾ ਸ਼ਾਮ ਕਰੀਬ 4 ਵਜੇ ਵਾਪਰੀ। ਦੋ ਹਮਲਾਵਰ ਮੋਟਰਸਾਈਕਲਾਂ ‘ਤੇ ਆਏ ਸਨ। ਡੀ.ਐੱਸ.ਪੀ. ਸ਼ੀਤਲ ਸਿੰਘ ਨੇ ਦੱਸਿਆ ਕਿ ਜਦੋਂ ਹੇਮਪ੍ਰੀਤ ਕੌਰ ਘਰ ਵਿਚ ਇਕੱਲੀ ਸੀ, ਤਾਂ ਇਕ ਹਮਲਾਵਰ ਘਰ ਦੇ ਅੰਦਰ ਦਾਖ਼ਲ ਹੋਇਆ ਅਤੇ ਉਸ ‘ਤੇ ਕਰੀਬ 4 ਰਾਊਂਡ ਫਾਇਰਿੰਗ ਕੀਤੀ। ਮੁਹੱਲੇ ਦੇ ਇਕ ਵਿਅਕਤੀ ਨੇ ਹਮਲਾਵਰ ਨੂੰ ਰੋਕਣ ਲਈ ਘਰ ਦਾ ਗੇਟ ਬੰਦ ਕਰਨ ਦੀ ਕੋਸ਼ਿਸ਼ ਵੀ ਕੀਤੀ ਪਰ ਮੁਲਜ਼ਮ ਹਵਾਈ ਫਾਇਰਿੰਗ ਕਰਦਾ ਹੋਇਆ ਆਪਣੇ ਸਾਥੀ ਨਾਲ ਫਰਾਰ ਹੋਣ ਵਿਚ ਕਾਮਯਾਬ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਹੇਮਪ੍ਰੀਤ ਦਾ ਆਪਣੇ ਪਤੀ ਨਾਲ ਤਲਾਕ ਹੋ ਚੁੱਕਾ ਸੀ। ਉਸ ਦਾ ਪਤੀ ਅਤੇ ਪੁੱਤਰ ਇਸ ਸਮੇਂ ਵਿਦੇਸ਼ ਵਿਚ ਹੀ ਰਹਿ ਰਹੇ ਹਨ। ਵਾਰਦਾਤ ਤੋਂ ਬਾਅਦ ਇਲਾਕੇ ‘ਚ ਸਹਿਮ ਦਾ ਮਾਹੌਲ ਹੈ ਅਤੇ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ।
ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਪੂਰੇ ਇਲਾਕੇ ਨੂੰ ਘੇਰ ਲਿਆ ਹੈ। ਫੋਰੈਂਸਿਕ ਟੀਮ ਵੱਲੋਂ ਘਟਨਾ ਸਥਾਨ ਤੋਂ ਸਬੂਤ ਇਕੱਠੇ ਕੀਤੇ ਗਏ ਹਨ। ਡੀ.ਐੱਸ.ਪੀ. ਸ਼ੀਤਲ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਮੁਲਜ਼ਮਾਂ ਦੀ ਪਛਾਣ ਅਤੇ ਗ੍ਰਿਫ਼ਤਾਰੀ ਲਈ ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ ਗਿਆ ਹੈ। ਪੁਲਿਸ ਇਸ ਗੱਲ ਦੀ ਵੀ ਜਾਂਚ ਕਰ ਰਹੀ ਹੈ ਕਿ ਫਾਇਰਿੰਗ ਦੇ ਅਸਲ ਕਾਰਨ ਕੀ ਸਨ।