#CANADA

ਕਨਿਸ਼ਕ ਜਹਾਜ਼ ਹਮਲੇ ਦੀ 39ਵੀਂ ਬਰਸੀ; ਭਾਰਤ ਵੱਲੋਂ ਵੱਖਵਾਦੀਆਂ ਨਾਲ ਨਰਮੀ ਵਰਤਣ ਦੀ ਨਿੰਦਾ

ਓਟਾਵਾ, 25 ਜੂਨ (ਪੰਜਾਬ ਮੇਲ)- ਭਾਰਤ ਨੇ 1985 ਦੇ ਏਅਰ ਇੰਡੀਆ ਦੇ ‘ਕਨਿਸ਼ਕ’ ਜਹਾਜ਼ ‘ਚ ਹੋਏ ਬੰਬ ਧਮਾਕੇ ਅਤੇ ਵੱਖਵਾਦੀਆਂ ਦੀ ਕੈਨੇਡਾ ‘ਚ ਵਡਿਆਈ ਕੀਤੇ ਜਾਣ ਦੀ ਸਖ਼ਤ ਨਿੰਦਾ ਕੀਤੀ ਹੈ ਅਤੇ ਕਿਹਾ ਹੈ ਕਿ ਅਜਿਹੀਆਂ ਘਟਨਾਵਾਂ ਦੀ ਨਿੰਦਾ ‘ਚ ਰਾਜਨੀਤੀ ਹਾਨੀ-ਲਾਭ ਦਾ ਵਿਚਾਰ ਕਰਨਾ ਠੀਕ ਨਹੀਂ ਹੈ। ਓਟਾਵਾ ‘ਚ ਭਾਰਤੀ ਹਾਈ ਕਮਿਸ਼ਨ ਨੇ ਇਕ ਬਿਆਨ ‘ਚ ਕਿਹਾ, ”1985 ‘ਚ ਏ.ਆਈ.-182 ‘ਚ ਬੰਬ ਧਮਾਕੇ ਸਮੇਤ ਅੱਤਵਾਦ ਦੀ ਵਡਿਆਈ ਕਰਨ ਵਾਲੀ ਕੋਈ ਕਾਰਵਾਈ ਨਿੰਦਾਯੋਗ ਹੈ ਅਤੇ ਸਾਰੇ ਸ਼ਾਂਤੀ ਪਸੰਦ ਦੇਸ਼ਾਂ ਅਤੇ ਵਿਅਕਤੀਆਂ ਨੂੰ ਇਸ ਦੀ ਨਿੰਦਾ ਕਰਨੀ ਚਾਹੀਦੀ ਹੈ।” ਹਾਈ ਕਮਿਸ਼ਨ ਨੇ ਕਿਹਾ ਹੈ, ”ਇਹ ਮੰਦਭਾਗੀ ਹੈ ਕਿ ਕੈਨੇਡਾ ‘ਚ ਕਈ ਮੌਕਿਆਂ ‘ਤੇ ਅਜਿਹੀਆਂ ਗਤੀਵਿਧੀਆਂ ਨੂੰ ਆਮ ਤੌਰ ‘ਤੇ ਛੋਟ ਦਿੱਤੀ ਜਾਂਦੀ ਰਹੀ ਹੈ।” ਬਿਆਨ ‘ਚ ਭਾਰਤੀ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਦੇ ਹਵਾਲੇ ਤੋਂ ਕਿਹਾ ਗਿਆ ਹੈ, ”ਸਾਨੂੰ ਰਾਜਨੀਤਿਕ ਲਾਭ ਹਾਨੀ ਦੇਖ ਕੇ ਅੱਤਵਾਦ ਅਤੇ ਹਿੰਸਾ ਖ਼ਿਲਾਫ਼ ਆਪਣਾ ਰੁਖ ਤੈਅ ਨਹੀਂ ਕਰਨਾ ਚਾਹੀਦਾ।”
ਦੱਸਣਯੋਗ ਹੈ ਕਿ ਭਾਰਤ ਤੋਂ ਭਗੌੜੇ ਵੱਖਵਾਦੀ ਹਰਦੀਪ ਸਿੰਘ ਨਿੱਝਰ ਦੀ ਪਹਿਲੀ ਬਰਸੀ ‘ਤੇ ਪਿਛਲੇ ਦਿਨ ਕੈਨੇਡਾ ਦੀ ਸੰਸਦ ‘ਚ ਉਸ ਨੂੰ ਸ਼ਰਧਾਂਲੀ ਦਿੱਤੀ ਗਈ ਸੀ ਅਤੇ 2 ਮਿੰਟ ਦਾ ਮੌਨ ਰੱਖਿਆ ਗਿਆ ਸੀ। ਬਿਆਨ ‘ਚ ਸ਼੍ਰੀ ਜੈਸ਼ੰਕਰ ਦੇ ਉਸ ਬਿਆਨ ਦਾ ਵੀ ਜ਼ਿਕਰ ਹੈ ਕਿ ਕਿਸੇ ਦੇਸ਼ ਦੀ ਭੂਗੋਲਿਕ ਅਖੰਡਤਾ ਦਾ ਸਨਮਾਨ ਅਤੇ ਉਸ ਦੇ ਅੰਦਰੂਨੀ ਮਾਮਲਿਆਂ ‘ਚ ਦਖ਼ਲਅੰਦਾਜੀ ਨਾ ਕਰਨ ਦਾ ਵਿਸ਼ਾ ਕਿਸੇ ਵੀ ਪਸੰਦ ਜਾਂ ਨਾਪਸੰਦ ਦਾ ਵਿਸ਼ਾ ਨਹੀਂ ਹੋ ਸਕਦਾ। ਭਾਰਤੀ ਹਾਈ ਕਮਿਸ਼ਨ ਨੇ ‘ਐਕਸ’ ‘ਤੇ ਇਕ ਪੋਸਟ ‘ਚ ਓਟਾਵਾ ਦੇ ਡਾਵ ਝੀਲ ਦੇ ਕਮਿਸ਼ਨਰ ਪਾਰਕ ‘ਚ ਏਅਰ ਇੰਡੀਆ ਫਲਾਈਟ 182 ਸਮਾਰਕ ‘ਤੇ ਫੁੱਲ ਭੇਟ ਕੀਤੇ ਜਾਣ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਸ ਮੌਕੇ ਸੰਜੇ ਵਰਮਾ ਨੇ ਸ਼ਰਧਾਂਜਲੀ ਸਭਾ ਨੂੰ ਸੰਬੋਧਨ ਕਰਦੇ ਹੋਏ ਕਿਹਾ, ”ਦੁਨੀਆਂ ਦੀ ਕਿਸੇ ਵੀ ਸਰਕਾਰ ਨੂੰ ਰਾਜਨੀਤਿਕ ਲਾਭ ਲਈ ਆਪਣੇ ਖੇਤਰਾਂ ਤੋਂ ਪੈਦਾ ਹੋਣ ਵਾਲੇ ਅੱਤਵਾਦ ਦੇ ਖ਼ਤਰੇ ਨੂੰ ਨਜ਼ਰਅੰਦਾਜ ਨਹੀਂ ਕਰਨਾ ਚਾਹੀਦਾ। ਮਨੁੱਖੀ ਜੀਵਨ ਸਿਆਸੀ ਹਿੱਤਾਂ ਤੋਂ ਕਿਤੇ ਵੱਧ ਮਹੱਤਵਪੂਰਨ ਹੈ। ਇਸ ਤੋਂ ਪਹਿਲੇ ਕਿ ਅੱਤਵਾਦੀ ਗਤੀਵਿਧੀਆਂ ਵੱਡੇ ਪੈਮਾਨੇ ‘ਤੇ ਮਨੁੱਖਤਾ ਨੂੰ ਨੁਕਸਾਨ ਪਹੁੰਚਾਉਣਾ ਸ਼ੁਰੂ ਕਰੇ, ਇਨ੍ਹਾਂ ਖ਼ਿਲਾਫ਼ ਮਿਸਾਲੀ ਕਾਨੂੰਨ ਅਤੇ ਸਮਾਜਿਕ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਸਰਕਾਰਾਂ, ਸੁਰੱਖਿਆ ਏਜੰਸੀਆਂ ਅਤੇ ਕੌਮਾਂਤਰੀ ਸੰਗਠਨਾਂ ਨੂੰ ਅੱਤਵਾਦੀ ਨੈੱਟਵਰਕ ਨੂੰ ਨਸ਼ਟ ਕਰਨ, ਉਨ੍ਹਾਂ ਦੇ ਵਿੱਤ ਪੋਸ਼ਣ ਨੂੰ ਰੋਕਣ ਅਤੇ ਉਨ੍ਹਾਂ ਦੀ ਵਿਕ੍ਰਿਤ ਵਿਚਾਰਧਾਰਾਵਾਂ ਦਾ ਮੁਕਾਬਲਾ ਕਰਨ ਲਈ ਮਿਲ ਕੇ ਕੰਮ ਕਰਨਾ ਚਾਹੀਦਾ।” ਦੱਸਣਯੋਗ ਹੈ ਕਿ 23 ਜੂਨ 1985 ਨੂੰ ਮਾਂਟਰੀਅਲ ਤੋਂ ਨਵੀਂ ਦਿੱਲੀ ਜਾਣ ਵਾਲੀ ‘ਕਨਿਸ਼ਕ’ ਫਲਾਈਟ 182 ‘ਚ ਲੰਡਨ ਦੇ ਹੀਥਰੋ ਹਵਾਈ ਅੱਡੇ ‘ਤੇ ਲੈਂਡਿੰਗ ਤੋਂ 45 ਮਿੰਟ ਪਹਿਲਾਂ ਧਮਾਕਾ ਹੋ ਗਿਆ, ਜਿਸ ਕਾਰਨ ਜਹਾਜ਼ ‘ਚ ਸਵਾਰ ਸਾਰੇ 329 ਲੋਕ ਮਾਰੇ ਗਏ, ਜਿਨ੍ਹਾਂ ‘ਚੋਂ ਜ਼ਿਆਦਾਤਰ ਭਾਰਤੀ ਮੂਲ ਦੇ ਕੈਨੇਡੀਅਨ ਨਾਗਰਿਕ ਸਨ। ਇਹ ਹਦਾਸਾ ਅਟਲਾਂਟਿਕ ਮਹਾਸਾਗਰ ਦੇ ਉੱਪਰ 31,000 ਫੁੱਟ ਦੀ ਉੱਚਾਈ ‘ਤੇ ਹੋਇਆ ਸੀ।