#PUNJAB

ਕਤਲ ਕੇਸ ‘ਚ ਲੋੜੀਂਦਾ ਮੁਲਜ਼ਮ 21 ਸਾਲਾਂ ਬਾਅਦ ਦਿੱਲੀ ਹਵਾਈ ਅੱਡੇ ਤੋਂ ਗ੍ਰਿਫ਼ਤਾਰ

ਮੋਰਿੰਡਾ, 9 ਸਤੰਬਰ (ਪੰਜਾਬ ਮੇਲ)- ਇੱਥੋਂ ਦੀ ਪੁਲਿਸ ਨੇ ਇੱਕ ਪੁਰਾਣੇ ਕਤਲ ਕੇਸ ਵਿਚ 21 ਸਾਲਾਂ ਬਾਅਦ ਮੰਡੀ ਗੋਬਿੰਦਗੜ੍ਹ ਦੇ ਵਿਦੇਸ਼ ਵਿਚ ਵਸੇ ਪੰਜਾਬੀ ਨੌਜਵਾਨ ਨੂੰ ਦਿੱਲੀ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕੀਤਾ ਹੈ, ਜਿਸ ਨੂੰ ਰੂਪਨਗਰ ਦੀ ਇੱਕ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿੱਥੋਂ ਅਦਾਲਤ ਵੱਲੋਂ ਤਿੰਨ ਦਿਨ ਦਾ ਪੁਲਿਸ ਰਿਮਾਂਡ ਦਿੱਤਾ ਗਿਆ ਹੈ। ਡੀ.ਐੱਸ.ਪੀ. ਜਤਿੰਦਰ ਪਾਲ ਸਿੰਘ ਮੱਲੀ ਨੇ ਦੱਸਿਆ ਕਿ ਸਾਲ 2004 ਵਿਚ ਜ਼ੋਰਾ ਸਿੰਘ ਵਾਸੀ ਪਿੰਡ ਚੰਨੋ ਨੇ ਪੁਲਿਸ ਕੋਲ ਲਿਖਵਾਈ ਸ਼ਿਕਾਇਤ ਵਿਚ ਦੱਸਿਆ ਕਿ ਉਸ ਦਾ ਪੁੱਤਰ ਐੱਸ.ਡੀ.ਓ. ਪਰਮਜੀਤ ਸਿੰਘ ਆਪਣੀ ਡਿਊਟੀ ਉਪਰੰਤ ਘਰ ਨਹੀਂ ਪਹੁੰਚਿਆ। ਉਨ੍ਹਾਂ ਸ਼ੱਕ ਪ੍ਰਗਟ ਕੀਤਾ ਕਿ ਉਸ ਦੇ ਪੁੱਤਰ ਨੂੰ ਪਿੰਡ ਡੂਮਛੇੜੀ ਕੋਲ ਕਤਲ ਕਰ ਦਿੱਤਾ ਗਿਆ ਹੈ। ਪੁਲਿਸ ਨੇ ਇਸ ਕਤਲ ਕੇਸ ਵਿਚ ਸ਼ਾਮਲ ਛੇ ਜਣਿਆਂ ਨੂੰ ਪਹਿਲਾਂ ਹੀ ਗ੍ਰਿਫਤਾਰ ਕਰ ਲਿਆ ਗਿਆ ਹੈ ਪਰ ਸੱਤਵਾਂ ਮੁਲਜ਼ਮ ਹਰਭਜਨ ਸਿੰਘ ਇਟਲੀ ਭੱਜ ਗਿਆ ਸੀ, ਜਿਸ ਨੂੰ 2005 ਵਿਚ ਭਗੌੜਾ ਕਰਾਰ ਦਿੱਤਾ ਗਿਆ ਸੀ।