#PUNJAB

ਕਟਾਰੂਚੱਕ ਮਾਮਲਾ: ਸ਼ਿਕਾਇਤਕਰਤਾ ਵੱਲੋਂ ਕਾਰਵਾਈ ਕਰਵਾਉਣ ਤੋਂ ਇਨਕਾਰ

* ਸ਼ਿਕਾਇਤਕਰਤਾ ਨੇ ਪੁਲਿਸ ਕੋਲ ਲਿਖਤੀ ਤੌਰ ‘ਤੇ ਬਿਆਨ ਦਰਜ ਕਰਵਾਏ
ਚੰਡੀਗੜ੍ਹ, 14 ਜੂਨ (ਪੰਜਾਬ ਮੇਲ)-ਪੰਜਾਬ ਦੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਖ਼ਿਲਾਫ਼ ਜਿਨਸੀ ਸ਼ੋਸ਼ਣ ਦੇ ਇਲਜ਼ਾਮ ਲਾਉਣ ਵਾਲੇ ਕੇਸ਼ਵ ਕੁਮਾਰ ਨੇ ਹੁਣ ਯੂ-ਟਰਨ ਲੈ ਲਿਆ ਹੈ। ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ ਕੋਲ ਕੇਸ਼ਵ ਕੁਮਾਰ ਨੇ ਆਪਣੀ ਪਹਿਲੀ ਸ਼ਿਕਾਇਤ ਤੋਂ ਮੋੜਾ ਕੱਟਦਿਆਂ ਕੈਬਨਿਟ ਮੰਤਰੀ ਕਟਾਰੂਚੱਕ ਖ਼ਿਲਾਫ਼ ਕੋਈ ਕਾਰਵਾਈ ਕਰਾਉਣ ਤੋਂ ਇਨਕਾਰ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਵਿਰੋਧੀ ਧਿਰਾਂ ਨੇ ਇਹ ਗੱਲ ਉਭਾਰੀ ਸੀ ਕਿ ਕੈਬਨਿਟ ਮੰਤਰੀ ਕਟਾਰੂਚੱਕ ਨੇ ਉਸ ਵੇਲੇ ਪੀੜਤ ਦਾ ਜਿਨਸੀ ਸ਼ੋਸ਼ਣ ਕੀਤਾ, ਜਦੋਂ ਉਹ 2013 ਵਿਚ ਨਾਬਾਲਗ ਸੀ।
ਸੂਤਰਾਂ ਅਨੁਸਾਰ ਪਠਾਨਕੋਟ ਜ਼ਿਲ੍ਹੇ ਦੇ ਐੱਸ.ਐੱਫ.ਐੱਲ. ਜੇ.ਐੱਲ. ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਨੇ 11 ਮਈ 2023 ਨੂੰ ਪਠਾਨਕੋਟ ਪੁਲਿਸ ਨੂੰ ਪੱਤਰ ਭੇਜ ਕੇ ਦੱਸਿਆ ਹੈ ਕਿ ਕੇਸ਼ਵ ਕੁਮਾਰ 2007-08 ਵਿਚ ਇਸ ਸਕੂਲ ਦਾ ਵਿਦਿਆਰਥੀ ਸੀ ਅਤੇ ਉਸ ਦੀ ਜਨਮ ਮਿਤੀ 3 ਮਈ 1993 ਵੀ ਦੱਸੀ ਗਈ। ਵਿਸ਼ੇਸ਼ ਜਾਂਚ ਟੀਮ ਨੇ ਪਾਇਆ ਕਿ ਘਟਨਾ ਵਾਲੇ 2013 ਦੇ ਵਰ੍ਹੇ ਵਿਚ ਵੀ ਪੀੜਤ ਨਾਬਾਲਗ ਨਹੀਂ ਸੀ। ਪੀੜਤ ਸਕੂਲ ‘ਚੋਂ ਨੌਵੀਂ ਕਲਾਸ ਦਾ ਡਰਾਪ ਆਊਟ ਹੈ।
ਸੂਤਰਾਂ ਅਨੁਸਾਰ ਪੀੜਤ ਨੇ 5 ਜੂਨ ਨੂੰ ਵਿਸ਼ੇਸ਼ ਜਾਂਚ ਟੀਮ ਨੂੰ ਆਪਣਾ ਬਿਆਨ ਭੇਜ ਕੇ ਅਪੀਲ ਕੀਤੀ ਸੀ ਕਿ ਉਹ ਇਸ ਮਾਮਲੇ ਵਿਚ ਕੋਈ ਕਾਰਵਾਈ ਨਹੀਂ ਕਰਾਉਣਾ ਚਾਹੁੰਦਾ ਹੈ ਅਤੇ ਪੀੜਤ ਨੇ ਬਿਆਨ ਲਿਖਦੇ ਹੋਏ ਦੀ ਇਕ ਵੀਡੀਓ ਵੀ ਬਣਾਈ ਹੋਈ ਸੀ। ਵਿਸ਼ੇਸ਼ ਜਾਂਚ ਟੀਮ ਨੇ ਉਸ ਨੂੰ ਨਿੱਜੀ ਤੌਰ ‘ਤੇ ਪੇਸ਼ ਹੋਣ ਲਈ ਕਿਹਾ ਤਾਂ ਪੀੜਤ ਨੇ 10 ਜੂਨ ਨੂੰ ਪੇਸ਼ ਹੋਣ ਦੀ ਗੱਲ ਆਖੀ। ਸੂਤਰਾਂ ਅਨੁਸਾਰ ਪੀੜਤ ਨੇ 8 ਜੂਨ ਨੂੰ ਹੀ ਵਿਸ਼ੇਸ਼ ਜਾਂਚ ਟੀਮ ਨਾਲ ਸੰਪਰਕ ਕੀਤਾ ਅਤੇ 9 ਜੂਨ ਨੂੰ ਪੀੜਤ ਵਿਸ਼ੇਸ਼ ਜਾਂਚ ਟੀਮ ਅੱਗੇ ਪੇਸ਼ ਹੋਇਆ।
ਤਿੰਨ ਮੈਂਬਰੀ ਟੀਮ ਨੇ ਪੀੜਤ ਦੇ ਪੇਸ਼ ਹੋਣ ਮੌਕੇ ਦੀ ਵੀਡੀਓਗਰਾਫੀ ਵੀ ਕਰਵਾਈ ਅਤੇ ਪੀੜਤ ਨੇ ਹਿੰਦੀ ਭਾਸ਼ਾ ਵਿਚ ਲਿਖ ਕੇ ਇਸ ਮਾਮਲੇ ਵਿਚ ਕੋਈ ਕਾਰਵਾਈ ਨਾ ਕਰਾਉਣ ਦੀ ਗੱਲ ਆਖੀ। ਸੂਤਰਾਂ ਅਨੁਸਾਰ ਸ਼ਿਕਾਇਤਕਰਤਾ ਨੇ ਵਿਸ਼ੇਸ਼ ਜਾਂਚ ਟੀਮ ਕੋਲ ਬਿਆਨ ਕੀਤਾ ਕਿ ਉਸ ਦਾ ਮੋਬਾਈਲ ਫ਼ੋਨ ਗੁੰਮ ਹੋ ਗਿਆ ਸੀ ਅਤੇ ਉਸ ਕੋਲ ਇਕ ਵਿਅਕਤੀ ਮੋਬਾਈਲ ਲੈ ਕੇ ਆਇਆ ਸੀ, ਜਿਸ ਨੇ ਇਕ ਵੀਡੀਓ ਦਿਖਾਈ ਜੋ ਕਿ ਬਦਲੀ ਹੋਈ ਸੀ। ਉਸ ਨੇ ਵਿਸ਼ੇਸ਼ ਜਾਂਚ ਟੀਮ ਅੱਗੇ ਕੋਈ ਸੁਰੱਖਿਆ ਲੈਣ ਤੋਂ ਵੀ ਇਨਕਾਰ ਕਰ ਦਿੱਤਾ।
ਕੌਮੀ ਕਮਿਸ਼ਨ ਨੇ ਪੀੜਤ ਅਨੁਸੂਚਿਤ ਜਾਤੀ ਨਾਲ ਸਬੰਧਤ ਹੋਣ ਦੀ ਗੱਲ ਵੀ ਕੀਤੀ ਸੀ ਪ੍ਰੰਤੂ ਜਾਂਚ ਟੀਮ ਨੇ ਇਹ ਤਰਕ ਦਿੱਤਾ ਹੈ ਕਿ ਕੈਬਨਿਟ ਮੰਤਰੀ ਕਟਾਰੂਚੱਕ ਖ਼ੁਦ ਵੀ ਅਨੁਸੂਚਿਤ ਜਾਤੀ ਵਰਗ ਨਾਲ ਸਬੰਧਤ ਹਨ।
ਜ਼ਿਕਰਯੋਗ ਹੈ ਕਿ ਕੌਮੀ ਅਨੁਸੂਚਿਤ ਜਾਤੀ ਕਮਿਸ਼ਨ ਨੇ ਪੰਜਾਬ ਸਰਕਾਰ ਨੂੰ 6 ਜੂਨ ਨੂੰ ਤੀਜਾ ਨੋਟਿਸ ਜਾਰੀ ਕਰਕੇ 12 ਜੂਨ ਤੱਕ ਰਿਪੋਰਟ ਮੰਗੀ ਸੀ। ਕੌਮੀ ਕਮਿਸ਼ਨ ਨੇ ਪੰਜਾਬ ਪੁਲਿਸ ਨੂੰ ਨਿਰਦੇਸ਼ ਦਿੱਤੇ ਸਨ ਕਿ ਉਹ ਤੁਰੰਤ ਵੀਡੀਓ ਕਾਨਫ਼ਰੰਸ ਜਾਂ ਦਿੱਲੀ ਵਿਚ ਵਿਅਕਤੀਗਤ ਤੌਰ ‘ਤੇ ਪੀੜਤ ਦੇ ਬਿਆਨ ਦਰਜ ਕਰਨ ਅਤੇ ਉਸ ਨੂੰ ਸੁਰੱਖਿਆ ਮੁਹੱਈਆ ਕਰਵਾਈ ਜਾਵੇ। ਜਲੰਧਰ ਜ਼ਿਮਨੀ ਚੋਣ ਮੌਕੇ ਵਿਰੋਧੀ ਧਿਰਾਂ ਨੇ ਕਟਾਰੂਚੱਕ ਮਾਮਲੇ ਨੂੰ ਉਭਾਰਿਆ ਸੀ ਅਤੇ ਪੰਜਾਬ ਦੇ ਗਵਰਨਰ ਨੇ ਵੀ ਜਿਨਸੀ ਸ਼ੋਸ਼ਣ ਵਾਲੀ ਵੀਡੀਓ ਦੀ ਆਪਣੇ ਪੱਧਰ ‘ਤੇ ਜਾਂਚ ਕਰਵਾਈ ਸੀ।
ਵਿਸ਼ੇਸ਼ ਜਾਂਚ ਟੀਮ ਦੇ ਮੁਖੀ ਅਤੇ ਡੀ. ਆਈ. ਜੀ. ਬਾਰਡਰ ਰੇਂਜ ਨਰਿੰਦਰ ਭਾਰਗਵ ਨਾਲ ਜਦੋਂ ਸੰਪਰਕ ਕੀਤਾ ਤਾਂ ਉਨ੍ਹਾਂ ਸਿਰਫ਼ ਇੰਨਾ ਹੀ ਦੱਸਿਆ ਕਿ ਵਿਸ਼ੇਸ਼ ਜਾਂਚ ਟੀਮ ਤਰਫ਼ੋਂ ਕਾਰਵਾਈ ਰਿਪੋਰਟ ਕੌਮੀ ਅਨੁਸੂਚਿਤ ਜਾਤੀ ਕਮਿਸ਼ਨ ਨੂੰ ਭੇਜ ਦਿੱਤੀ ਗਈ ਹੈ।

Leave a comment