ਹੈਦਰਾਬਾਦ, 3 ਜੁਲਾਈ (ਪੰਜਾਬ ਮੇਲ)- ਇਥੇ ਡੈਂਟਲ ਅਤੇ ਸਕਿਨ ਕਲੀਨਿਕ ਵਿਚ ਕੰਮ ਕਰਨ ਵਾਲੀ ਔਰਤ ਨੇ 50 ਲੱਖ ਰੁਪਏ ਦੀ ਹੀਰੇ ਦੀ ਅੰਗੂਠੀ ਚੋਰੀ ਕਰਨ ਦੇ ਦੋਸ਼ ਵਿਚ ਫੜੇ ਜਾਣ ਦੇ ਡਰੋਂ ਫਲੱਸ਼ ਵਿਚ ਸੁੱਟ ਦਿੱਤੀ। ਇਹ ਘਟਨਾ ਉਦੋਂ ਸਾਹਮਣੇ ਆਈ, ਜਦੋਂ ਹੈਦਰਾਬਾਦ ਦੀ ਪੁਲਿਸ ਨੇ ਜੁਬਲੀ ਹਿਲਜ਼ ਵਿਚ ਡੈਂਟਲ ਕਲੀਨਿਕ ਵਿਚ ਮੁੰਦਰੀ ਦੀ ਚੋਰੀ ਦੀ ਜਾਂਚ ਸ਼ੁਰੂ ਕੀਤੀ। ਨਰਿੰਦਰ ਕੁਮਾਰ ਅਗਰਵਾਲ ਦੀ ਨੂੰਹ 27 ਜੂਨ ਨੂੰ ਕਲੀਨਿਕ ‘ਚ ਚੈੱਕਅਪ ਲਈ ਆਈ ਸੀ, ਚੈਕਿੰਗ ਦੌਰਾਨ ਆਪਣੀ ਹੀਰੇ ਦੀ ਅੰਗੂਠੀ ਉਂਗਲੀ ‘ਚੋਂ ਕੱਢ ਕੇ ਨਾਲ ਪਾਸੇ ਰੱਖ ਦਿੱਤੀ। ਉਹ ਜਾਂਚ ਤੋਂ ਬਾਅਦ ਪਾਉਣੀ ਭੁੱਲ ਗਈ ਤੇ ਚਲੀ ਗਈ। ਘਰ ਪਰਤਣ ਤੋਂ ਬਾਅਦ ਉਸ ਨੂੰ ਇਸ ਦਾ ਪਤਾ ਲੱਗਿਆ ਤੇ ਅੰਗੂਠੀ ਲੈਣ ਕਲੀਨਿਕ ਗਈ ਪਰ ਮੁੰਦਰੀ ਨਹੀਂ ਮਿਲੀ। ਇਸ ਤੋਂ ਬਾਅਦ ਨਰਿੰਦਰ ਕੁਮਾਰ ਨੇ ਜੁਬਲੀ ਹਿੱਲਸ ਥਾਣੇ ‘ਚ ਸ਼ਿਕਾਇਤ ਦਰਜ ਕਰਵਾਈ। ਪੁਲਿਸ ਨੇ ਸੀ.ਸੀ.ਟੀ.ਵੀ. ਫੁਟੇਜ ਦੀ ਜਾਂਚ ਕੀਤੀ ਅਤੇ ਸਟਾਫ ਤੋਂ ਪੁੱਛ-ਪੜਤਾਲ ਸ਼ੁਰੂ ਕਰ ਦਿੱਤੀ। ਕਲੀਨਿਕ ਵਿਚ ਕੰਮ ਕਰਨ ਵਾਲੀ ਔਰਤ ਨੇ ਦੱਸਿਆ ਕਿ ਕਿਸੇ ਨੇ ਟਿਸ਼ੂ ਪੇਪਰ ਵਿਚ ਲਪੇਟੀ ਹੋਈ ਅੰਗੂਠੀ ਉਸ ਦੇ ਪਰਸ ਵਿਚ ਪਾ ਦਿੱਤੀ ਸੀ ਅਤੇ ਉਸ ਨੇ ਇਸ ਨੂੰ ਫਲੱਸ ਵਿਚ ਸੁੱਟ ਦਿੱਤਾ। ਪੁਲਿਸ ਨੇ ਪਲੰਬਰ ਦੀ ਮਦਦ ਨਾਲ ਸੀਵਰੇਜ ਪਾਈਪ ਲਾਈਨ ਵਿਚੋਂ ਮੁੰਦਰੀ ਬਰਾਮਦ ਕੀਤੀ। ਪੁਲਿਸ ਨੇ ਔਰਤ ਨੂੰ ਹਿਰਾਸਤ ‘ਚ ਲੈ ਲਿਆ ਹੈ ਅਤੇ ਉਸ ਤੋਂ ਪੁੱਛ ਪੜਤਾਲ ਕੀਤੀ ਜਾ ਰਹੀ ਹੈ। ਸ਼ੱਕ ਹੈ ਕਿ ਉਸ ਨੇ ਮੇਜ਼ ਤੋਂ ਮੁੰਦਰੀ ਚੁੱਕੀ ਸੀ ਪਰ ਜਦੋਂ ਪੁਲਿਸ ਨੇ ਜਾਂਚ ਸ਼ੁਰੂ ਕੀਤੀ ਤਾਂ ਉਹ ਘਬਰਾ ਗਈ। ਫੜੇ ਜਾਣ ਦੇ ਡਰੋਂ ਉਸ ਨੇ ਇਸਨੂੰ ਫਲੱਸ਼ ਵਿਚ ਸੁੱਟ ਦਿੱਤਾ।