ਨਿਊਯਾਰਕ, 23 ਦਸੰਬਰ (ਰਾਜ ਗੋਗਨਾ/ਪੰਜਾਬ ਮੇਲ)- ਬੀਤੇ ਦਿਨੀਂ ਅਮਰੀਕਾ ਦੇ ਓਹਾਇਓ ਸੂਬੇ ਦੇ ਸ਼ਹਿਰ ਕਲੀਵਲੈਂਡ ਵਿਖੇ ਪੰਜਾਬੀ ਸਿੱਖ ਸੁਖਵੀਰ ਗਰੇਵਾਲ ਨੂੰ ਪੁਲਿਸ ਵਿਭਾਗ ਦੇ ਪਹਿਲੇ ਸਿੱਖ ਅਧਿਕਾਰੀ ਬਣਨ ਦਾ ਮਾਣ ਹਾਸਲ ਹੋਇਆ ਹੈ। ਗਰੇਵਾਲ ਆਪਣੇ ਸਿੱਖ ਧਰਮ ‘ਚ, ਦਾੜ੍ਹੀ ਅਤੇ ਦਸਤਾਰ ਕੇਸ ਰੱਖ ਕੇ ਨੌਕਰੀ ਕਰੇਗਾ।
ਪੁਲਿਸ ਦੇ ਕਲੀਵਲੈਂਡ ਡਿਵੀਜ਼ਨ ਨੇ ਹਾਲ ਹੀ ਵਿਚ ਦਾੜ੍ਹੀ ਰੱਖਣ ਦੀ ਇਜਾਜ਼ਤ ਦੇਣ ਲਈ ਆਪਣੀਆਂ ਨੀਤੀਆਂ ਵਿਚ ਤਬਦੀਲੀ ਕੀਤੀ, ਜਿਸ ਨੇ ਗਰੇਵਾਲ ਨੂੰ ਅਰਜ਼ੀ ਦੇਣ ਲਈ ਉਤਸ਼ਾਹਿਤ ਕੀਤਾ ਸੀ। ਕਲੀਵਲੈਂਡ ਡਿਵੀਜਨ ਦੀ ਪੁਲਿਸ ਮੁਖੀ ਡੋਰੋਥੀ ਟੌਡ ਨੇ ਆਪਣੇ ਸੰਬੋਧਨ ‘ਚ ਇਹ ਵੀ ਕਿਹਾ ਕਿ ਅਸੀਂ ਮਰਦਾਂ ਤੇ ਔਰਤਾਂ ਦੇ ਇੱਕ ਵਿਭਿੰਨ ਸਮੂਹ ਲਈ ਉਨ੍ਹਾਂ ਦੇ ਧਰਮਾਂ ਪ੍ਰਤੀ ਵਚਨਬੱਧ ਹਾਂ, ਜੋ ਸਾਡੇ ਭਾਈਚਾਰਿਆਂ ‘ਚ ਸ਼ਾਮਲ ਹੋ ਕੇ ਇੱਥੋ ਦੀ ਜਨਤਾ ਦੀ ਸੇਵਾ ਕਰਦੇ ਹਨ। ਮੈਨੂੰ ਇਹ ਬਹੁਤ ਵਧੀਆ ਲੱਗਿਆ ਹੈ। ਇਸ ਮੌਕੇ ਸੁਖਵੀਰ ਗਰੇਵਾਲ ਨੇ ਆਪਣੇ ਪੂਰੇ ਕਰੀਅਰ ‘ਚ ਭਾਈਚਾਰਿਆਂ ਦੀ ਰੱਖਿਆ ਤੇ ਸੇਵਾ ਕਰਨ ਦਾ ਪ੍ਰਣ ਲਿਆ ਤੇ ਕਿਹਾ ਕਿ ਉਸ ਦੇ ਵਿਸ਼ਵਾਸ ਨੇ ਉਸ ਨੂੰ ਦੂਜਿਆਂ ਦੀ ਸੇਵਾ ਕਰਨ ਲਈ ਸੇਧ ਦਿੱਤੀ ਹੈ। ਇਸ ਤੋਂ ਪਹਿਲਾਂ ਗਰੇਵਾਲ ਅਲਾਇੰਸ ਪੁਲਿਸ ਵਿਭਾਗ ਲਈ ਵੀ ਕੰਮ ਕਰ ਚੁੱਕਿਆ ਹੈ ਤੇ ਉਹ ਓਹਾਇਓ ਸਟੇਟ ਦੀ ਨੈਸ਼ਨਲ ਗਾਰਡ ਵਿਚ ਸੇਵਾ ਨਿਭਾਅ ਚੁੱਕਾ ਹੈ। ਉਹ ਚਾਰ ਭਾਸ਼ਾਵਾਂ ਵੀ ਬੋਲਦਾ ਹੈ। ਉਸ ਨੇ ਕਿਹਾ ਕਿ ਸਿੱਖ ਧਰਮ ਦਾ ਇੱਕ ਵੱਡਾ ਹਿੱਸਾ ਨਿਰਸਵਾਰਥ ਹੈ। ਉਹ ਆਪਣੇ ਕਰੀਅਰ ਖੇਤਰ ਵਿਚ ਇਸਦਾ ਸਮਰਥਨ ਵੀ ਕਰਦਾ ਹੈ।