ਨਿਊਯਾਰਕ, 30 ਜਨਵਰੀ (ਰਾਜ ਗੋਗਨਾ/ਪੰਜਾਬ ਮੇਲ)- ਅਮਰੀਕਾ ਦੇ ਓਹਾਇਓ ਸੂਬੇ ਦੇ ਸ਼ਹਿਰ ਸਿਨਸਿਨਾਟੀ ਵਿਚ ਇੱਕ ਭਿਆਨਕ ਦਰਦਨਾਕ ਘਟਨਾ ਵਾਪਰੀ, ਜਿਸ ਵਿਚ ਇਕ ਤਿੰਨ ਸਾਲਾ ਭਰਾ ਨੇ ਆਪਣੇ ਦੋ ਸਾਲਾ ਭਰਾ ਨੂੰ ਰਿਵਾਲਵਰ ਦੇ ਨਾਲ ਗੋਲੀ ਮਾਰ ਕੇ ਮਾਰ ਦਿੱਤਾ। ਬਾਅਦ ਵਿਚ ਜਦੋਂ ਪੁਲਿਸ ਨੇ ਉਸ ਤੋਂ ਪੁੱਛਗਿੱਛ ਕੀਤੀ, ਤਾਂ ਉਸ ਨੇ ਦੱਸਿਆ ਕਿ ਉਹ ਟੀ.ਵੀ. ‘ਤੇ ਸਪਾਈਡਰ ਮੈਨ ਦਾ ਪ੍ਰੋਗਰਾਮ ਦੇਖਣ ਤੋਂ ਬਾਅਦ ਉਸ ਨੇ ਪਿਤਾ ਦੇ ਮੇਜ਼ ਦੇ ਦਰਾਜ਼ ਵਿਚ ਰੱਖੀ ਗੰਨ ਕੱਢੀ ਅਤੇ ਛੋਟੇ ਭਰਾ ਨੂੰ ਗੋਲੀ ਮਾਰ ਦਿੱਤੀ। ਇਸ ਜਵਾਬ ਨਾਲ ਪੁਲਿਸ ਨੂੰ ਕਾਫੀ ਪਰੇਸ਼ਾਨ ਹੋਣਾ ਪਿਆ। ਅਸਲ ਘਟਨਾ ਦੇ ਵੇਰਵਿਆਂ ਵਿਚ ਜਾ ਕੇ, ਕੈਂਟਨ ਕਾਉਂਟੀ ਵਿਚ ਇੱਕ ਤਿੰਨ ਸਾਲ ਦੇ ਲੜਕੇ ਨੇ ਆਪਣੇ ਮਾਤਾ-ਪਿਤਾ ਦੀ ਪੂਰੀ ਲੋਡ ਬੰਦੂਕ ਨਾਲ ਆਪਣੇ ਛੋਟੇ ਭਰਾ ਨੂੰ ਗੋਲੀ ਮਾਰ ਕੇ ਮਾਰ ਦਿੱਤਾ। ਗੰਭੀਰ ਹਾਲਤ ਵਿਚ ਜ਼ਖਮੀ ਲੜਕੇ ਦੇ ਛੋਟੇ ਭਰਾ ਦੀ ਹਸਪਤਾਲ ‘ਚ ਇਲਾਜ ਦੌਰਾਨ ਮੌਤ ਹੋ ਗਈ। ਪੁਲਿਸ ਨੇ ਸ਼ੁਰੂਆਤੀ ਤੌਰ ‘ਤੇ ਇਹ ਨਤੀਜਾ ਕੱਢਿਆ ਕਿ ਇਹ ਭਿਆਨਕ ਘਟਨਾ ਇਸ ਲਈ ਵਾਪਰੀ ਕਿਉਂਕਿ ਮਾਪਿਆਂ ਦੀ ਲਾਪ੍ਰਵਾਹੀ ਨਾਲ ਬੱਚਿਆਂ ਲਈ ਪੂਰੀ ਤਰ੍ਹਾਂ ਲੋਡ ਕੀਤੀ ਬੰਦੂਕ ਉਪਲਬਧ ਸੀ। ਪੁਲਿਸ ਨੇ ਲੜਕੇ ਦੇ ਮਾਪਿਆਂ ਖ਼ਿਲਾਫ਼ ਕੇਸ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਇਸ ਘਟਨਾ ਨੇ ਇੱਕ ਵਾਰ ਫਿਰ ਮਾਪਿਆਂ ਨੂੰ ਘਰ ਵਿਚ ਅਸਲੇ ਦੇ ਸਬੰਧ ਵਿਚ ਸਾਵਧਾਨੀ ਵਰਤਣ ਦੀ ਯਾਦ ਦਿਵਾ ਦਿੱਤੀ ਹੈ।