ਵੈਨਕੂਵਰ, 29 ਜਨਵਰੀ (ਪੰਜਾਬ ਮੇਲ)- ਕੈਨੇਡਾ ਦੇ ਸਭ ਤੋਂ ਵੱਡੇ ਸੂਬੇ ਓਨਟਾਰੀਓ ਦੀ ਵਿਧਾਨ ਸਭਾ ਭੰਗ ਹੋਣ ਤੋਂ ਬਾਅਦ 27 ਫਰਵਰੀ ਨੂੰ ਮੱਧਕਾਲੀ ਚੋਣਾਂ ਦਾ ਐਲਾਨ ਹੋ ਗਿਆ ਹੈ। ਸੂਬੇ ਦੀ 43ਵੀਂ ਵਿਧਾਨ ਸਭਾ ਮਾਰਚ ਦੇ ਪਹਿਲੇ ਹਫਤੇ ਗਠਿਤ ਹੋ ਹੋਣੀ ਹੈ। ਜ਼ਿਕਰਯੋਗ ਹੈ ਕਿ ਬੁੱਧਵਾਰ ਨੂੰ ਭੰਗ ਹੋਈ ਵਿਧਾਨ ਸਭਾ ਦੀ ਚੋਣ 7 ਜੂਨ 2022 ਨੂੰ ਹੋਈ ਸੀ, ਜਿਸ ਵਿਚ 124 ਮੈਂਬਰੀ ਹਾਊਸ ਲਈ ਡੱਗ ਫੋਰਡ ਦੀ ਅਗਵਾਈ ਵਾਲੀ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਨੇ 83 ਸੀਟਾਂ ਜਿੱਤੀਆਂ ਤੇ 31 ਸੀਟਾਂ ‘ਤੇ ਐੱਨ.ਡੀ.ਪੀ. ਕਾਬਜ ਹੋਈ। ਇਸ ਤੋਂ ਇਲਾਵਾ ਲਿਬਰਲ ਪਾਰਟੀ ਨੇ 8 ਤੇ ਗਰੀਨ ਪਾਰਟੀ ਤੇ ਆਜ਼ਾਦ ਨੇ ਇੱਕ ਇੱਕ ਸੀਟ ਜਿੱਤੀਆਂ ਸਨ।
ਗੌਰਤਲਬ ਹੈ ਕਿ ਓਨਟਾਰੀਓ ‘ਚ 1981 ਤੋਂ ਬਾਅਦ ਸਰਦੀਆਂ ‘ਚ ਹੋਣ ਵਾਲੀ ਇਹ ਪਹਿਲੀ ਚੋਣ ਹੈ। ਮੁੱਖ ਮੰਤਰੀ ਡੱਗ ਫੋਰਡ ਵਲੋਂ ਇਸ ਚੋਣ ਦੇ ਨਤੀਜਿਆਂ ਨੂੰ ਅਮਰੀਕਾ ਦੇ ਰਾਸ਼ਟਰਪਤੀ ਦੇ ਟੈਰਿਫ ਵਾਧੇ ਵਾਲੀ ਚੁਣੌਤੀ ਦਾ ਸਾਹਮਣਾ ਕਰਨ ਲਈ ਸ਼ਕਤੀਸ਼ਾਲੀ ਸਰਕਾਰ ਦੇ ਗਠਨ ਵਜੋਂ ਪ੍ਰਚਾਰਿਆ ਜਾ ਰਿਹਾ ਹੈ। ਡੱਗ ਫੋਰਡ ਨੇ 2018 ਦੀਆਂ ਚੋਣਾਂ ਵਿਚ ਜਿੱਤ ਹਾਸਲ ਕਰਕੇ 15 ਸਾਲਾਂ ‘ਚੋਂ ਕਾਬਜ ਲਿਬਰਲ ਪਾਰਟੀ ਨੂੰ ਵਿਰੋਧੀ ਧਿਰ ਵਿਚ ਬੈਠਣ ਲਈ ਮਜਬੂਰ ਕਰ ਦਿੱਤਾ।
ਉਧਰ ਵਿਰੋਧੀ ਪਾਰਟੀਆਂ ਦੇ ਆਗੂਆਂ ਵਲੋਂ ਮੱਧਕਾਲੀ ਚੋਣ ਨੂੰ ਸੂਬੇ ਦੇ ਲੋਕਾਂ ਸਿਰ 17 ਕਰੋੜ ਦਾ ਬੇਲੋੜਾ ਬੋਝ ਪਾਉਣ ਅਤੇ ਸੂਬੇ ਦੇ ਵਾਤਾਵਰਣ ਦੀ ਖਰਾਬੀ ਨਾਲ ਜੁੜੇ ਗਰੀਨ ਬੈਲਟ ਘੁਟਾਲੇ ਵਜੋਂ ਜਾਣੇ ਜਾਂਦੇ 7400 ਏਕੜ ਭੂਮੀ ਘੁਟਾਲੇ ਮੁੱਦਾ ਚੁੱਕਿਆ ਜਾ ਰਿਹਾ ਹੈ।
ਚੋਣਾਂ ਦੇ ਜਨਤਕ ਐਲਾਨ ਤੋਂ ਪਹਿਲਾਂ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਆਗੂ ਤੇ ਮੁੱਖ ਮੰਤਰੀ ਡੱਗ ਫੋਰਡ ਸੂਬੇ ਦੀ ਲੈਫਟੀਨੈਂਟ ਗਵਰਨਰ ਮੈਡਮ ਐਡਿਥ ਡੂਮੋਟ ਨੂੰ ਮਿਲਣ ਗਏ ਤੇ ਵਿਧਾਨ ਸਭਾ ਭੰਗ ਕਰਕੇ ਮੱਧਕਾਲੀ ਚੋਣਾਂ ਕਰਾਉਣ ਦਾ ਬੇਨਤੀ ਪੱਤਰ ਦਿੱਤਾ। ਡੋਮੋਟ ਨੇ ਬੇਨਤੀ ਤੁਰੰਤ ਪ੍ਰਵਾਨ ਕਰਕੇ 27 ਫਰਵਰੀ ਨੂੰ ਚੋਣਾਂ ਦੀ ਤਜਵੀਜ ਪ੍ਰਵਾਨ ਕਰ ਲਈ।
ਪੱਤਰਕਾਰ ਸੰਮੇਲਨ ਵਿਚ ਡੱਗ ਫੋਰਡ ਨੇ ਕਿਹਾ ਕਿ ਇਹ ਚੋਣ ਨਹੀਂ, ਸਗੋਂ ਚਾਰ ਸਾਲਾਂ ਲਈ ਸੂਬੇ ਦੀ ਆਰਥਿਕਤਾ ਦੀ ਮਜਬੂਤੀ ਦੀ ਲੜਾਈ ਹੈ, ਜਿਸ ਵਿਚ ਉਹ ਇਹ ਯਕੀਨੀ ਬਣਾਉਣਗੇ ਕਿ ਸੂਬੇ ਦੀ ਆਰਥਿਕਤਾ ਉੱਤੇ ਬਾਹਰਲਿਆਂ ਦੇ ਹਮਲੇ ਨੂੰ ਪੂਰੀ ਤਾਕਤ ਨਾਲ ਪਛਾੜਿਆ ਜਾਵੇ। ਉਨ੍ਹਾਂ ਕਿਹਾ ਕਿ ਉਹ ਸੂਬੇ ਦੀ ਆਰਥਿਕਤਾ ਨੂੰ ਏਨਾ ਮਜਬੂਤ ਬਣਾਉਣਾ ਚਾਹੁੰਦੇ ਹਨ ਕਿ ਇਥੋਂ ਦਾ ਸਾਰਾ ਉਤਾਪਦਨ ਇੱਥੋਂ ਦੀ ਮੰਗ ਬਣ ਜਾਵੇ ਅਤੇ ਅਮਰੀਕਾ ਦਾ ਟੈਰਿਫ ਮਾਮਲਾ ਠੁੱਸ ਹੋਕੇ ਰਹਿ ਜਾਵੇ।
ਓਨਟਾਰੀਓ ‘ਚ 27 ਫਰਵਰੀ ਨੂੰ ਮੱਧਕਲੀ ਚੋਣਾਂ ਦਾ ਐਲਾਨ
