ਓਨਟਾਰੀਓ, 9 ਮਾਰਚ (ਪੰਜਾਬ ਮੇਲ)- ਕੈਨੇਡਾ ਦੇ ਓਨਟਾਰੀਓ ਸੂਬੇ ਦੇ ਸ਼ਹਿਰ ਵਿੰਡਸਰ ਦੀ ਰਹਿਣ ਵਾਲੀ ਨੈਂਸੀ ਗਰੇਵਾਲ ਦੇ ਕਤਲ ਮਾਮਲੇ ਵਿਚ ਹੁਣ ਤੱਕ ਪੁਲਿਸ ਨੂੰ ਕੋਈ ਵੱਡੀ ਸਫਲਤਾ ਨਹੀਂ ਮਿਲੀ। ਲਾਸਾਲ ਪੁਲਿਸ ਨੇ ਸਪੱਸ਼ਟ ਕੀਤਾ ਹੈ ਕਿ ਇਸ ਕੇਸ ਵਿਚ ਹਾਲੇ ਤੱਕ ਕਿਸੇ ਵੀ ਵਿਅਕਤੀ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਅਤੇ ਨਾ ਹੀ ਕਿਸੇ ਉੱਤੇ ਕੋਈ ਦੋਸ਼ ਲਗਾਏ ਗਏ ਹਨ। ਇਸ ਤੋਂ ਇਲਾਵਾ ਪੁਲਿਸ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਇਸ ਵੇਲੇ ਤੱਕ ਕਿਸੇ ਖ਼ਾਸ ਸ਼ਖ਼ਸ ਉੱਤੇ ਸ਼ੱਕ ਬਾਰੇ ਵੀ ਕੋਈ ਅਧਿਕਾਰਕ ਜਾਣਕਾਰੀ ਸਾਹਮਣੇ ਨਹੀਂ ਆਈ। ਪੁਲਿਸ ਅਧਿਕਾਰੀਆਂ ਦੇ ਮੁਤਾਬਕ ਇਹ ਮਾਮਲਾ ਸੰਭਾਵਤ ਤੌਰ ‘ਤੇ ਯੋਜਨਾਬੱਧ ਹਮਲੇ ਵਜੋਂ ਜਾਂਚ ਹੇਠ ਹੈ ਅਤੇ ਜਾਂਚ ਟੀਮ ਇਸ ਨੂੰ ਬਹੁਤ ਗੰਭੀਰਤਾ ਨਾਲ ਦੇਖ ਰਹੀ ਹੈ। ਹਾਲਾਂਕਿ ਅਜੇ ਤੱਕ ਜਾਂਚ ਦੌਰਾਨ ਮਿਲੀ ਕਿਸੇ ਵੀ ਤਰ੍ਹਾਂ ਦੀ ਲੀਡ ਜਾਂ ਨਵੀਂ ਅਪਡੇਟ ਮੀਡੀਆ ਨਾਲ ਸਾਂਝੀ ਨਹੀਂ ਕੀਤੀ ਗਈ। ਇੱਕ ਤਾਜ਼ਾ ਰਿਪੋਰਟ ਮੁਤਾਬਕ, ਮੌਤ ਤੋਂ ਲਗਭਗ ਇੱਕ ਹਫ਼ਤਾ ਪਹਿਲਾਂ ਨੈਂਸੀ ਗਰੇਵਾਲ ਨੇ ਇੱਕ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਦੱਸਿਆ ਸੀ ਕਿ ਉਸਨੂੰ ਆਪਣੇ ਵਿਚਾਰ ਪ੍ਰਗਟ ਕਰਨ ਕਰਕੇ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਸਨ। ਜਦੋਂ ਪੱਤਰਕਾਰ ਨੇ ਪੁੱਛਿਆ ਕਿ ਉਹ ਇਸ ਤਰ੍ਹਾਂ ਦੀਆਂ ਧਮਕੀਆਂ ਦਾ ਕੀ ਜਵਾਬ ਦਿੰਦੀ ਹੈ, ਤਾਂ ਨੈਂਸੀ ਨੇ ਕਿਹਾ ਸੀ ਕਿ ਉਹ ਆਮ ਤੌਰ ‘ਤੇ ਕਹਿੰਦੀ ਸੀ ਕਿ ਜੇ ਕੋਈ ਨੁਕਸਾਨ ਪਹੁੰਚਾਉਣਾ ਚਾਹੁੰਦਾ ਹੈ, ਤਾਂ ਉਹ ਕੀ ਕਰ ਸਕਦੀ ਹੈ। ਨੈਂਸੀ ਵੱਲੋਂ ਇਸ ਬਾਰੇ ਪਹਿਲਾਂ ਵੀ ਪੁਲਿਸ ਕੋਲ ਸ਼ਿਕਾਇਤ ਕੀਤੀ ਜਾਣ ਦੀ ਗੱਲ ਸਾਹਮਣੇ ਆਈ ਹੈ।
ਓਨਟਾਰੀਓ ‘ਚ ਨੈਂਸੀ ਗਰੇਵਾਲ ਦੇ ਕਤਲ ਮਾਮਲੇ ‘ਚ ਹਾਲੇ ਕੋਈ ਗ੍ਰਿਫਤਾਰੀ ਨਹੀਂ!

