#CANADA

ਓਨਟਾਰੀਓ ‘ਚ ਕਾਰ ਹਾਦਸੇ ‘ਚ ਚਾਰ ਭਾਰਤੀਆਂ ਦੀ ਮੌਤ

ਓਟਵਾ, 28 ਅਕਤੂਬਰ (ਪੰਜਾਬ ਮੇਲ)- ਕੈਨੇਡਾ ਦੇ ਓਨਟਾਰੀਓ ਸੂਬੇ ਵਿਚ ਕਾਰ ਹਾਦਸੇ ਵਿਚ ਚਾਰ ਭਾਰਤੀ ਨਾਗਰਿਕਾਂ ਦੀ ਮੌਤ ਹੋ ਗਈ ਅਤੇ ਇਕ ਜ਼ਖਮੀ ਹੋ ਗਿਆ। ਇਹ ਜਾਣਕਾਰੀ ਕੈਨੇਡਾ ਪੁਲਿਸ ਨੇ ਦਿੱਤੀ ਹੈ।
ਪੁਲਿਸ ਨੇ ਪ੍ਰੈੱਸ ਬਿਆਨ ਵਿਚ ਦੱਸਿਆ ਕਿ ਇਹ ਹਾਦਸਾ ਪਿਛਲੇ ਹਫਤੇ ਵੀਰਵਾਰ ਨੂੰ ਟੋਰਾਂਟੋ ਸ਼ਹਿਰ ਦੇ ਲੇਕ ਸ਼ੋਰ ਬੁਲੇਵਾਰਡ ਈਸਟ ਅਤੇ ਚੈਰੀ ਸਟਰੀਟ ਖੇਤਰ ਵਿਚ ਵਾਪਰਿਆ। ਉਨ੍ਹਾਂ ਦੱਸਿਆ ਕਿ ਟੈਸਲਾ ਕਾਰ ਵਿਚ ਪੰਜ ਭਾਰਤੀ ਜਾ ਰਹੇ ਸਨ, ਜਿਨ੍ਹਾਂ ਦੀ ਉਮਰ 25-32 ਸਾਲ ਦਰਮਿਆਨ ਸੀ।
ਇਸ ਦੌਰਾਨ ਉਨ੍ਹਾਂ ਦੀ ਕਾਰ ਨੂੰ ਅੱਗ ਲੱਗ ਗਈ ਤੇ ਕਾਰ ਬੇਕਾਬੂ ਹੋ ਕੇ ਖੰਭੇ ਨਾਲ ਜਾ ਟਕਰਾਈ। ਟੋਰਾਂਟੋ ਸਨ ਅਖਬਾਰ ਦੇ ਹਵਾਲੇ ਨਾਲ ਡਿਊਟੀ ਇੰਸਪੈਕਟਰ ਫਿਲਿਪ ਸਿੰਕਲੇਅਰ ਨੇ ਕਿਹਾ ਕਿ ਉਨ੍ਹਾਂ ਇਸ ਸਬੰਧੀ ਸਬੂਤ ਇਕੱਠੇ ਕੀਤੇ ਹਨ, ਜਿਸ ਵਿਚ ਹਾਦਸੇ ਦਾ ਕਾਰਨ ਕਾਰ ਦੀ ਤੇਜ਼ ਗਤੀ ਦੱਸਿਆ ਗਿਆ ਹੈ। ਹਾਦਸੇ ਦੌਰਾਨ ਹੀ ਚਾਰ ਜਣੇ ਹਲਾਕ ਹੋ ਗਏ, ਜਦਕਿ 25 ਸਾਲਾ ਲੜਕੀ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ।