#CANADA

ਓਨਟਾਰੀਓ ‘ਚ ਅਮਰੀਕੀ ਸ਼ਰਾਬ ‘ਤੇ ਪਾਬੰਦੀ ਲਗਾਉਣ ਦੀ ਤਿਆਰੀ

ਓਨਟਾਰੀਓ, 14 ਦਸੰਬਰ (ਪੰਜਾਬ ਮੇਲ)- ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਕੈਨੇਡਾ ‘ਤੇ ਭਾਰੀ ਟੈਰਿਫ ਲਗਾਉਣ ਦੀ ਦਿੱਤੀ ਗਈ ਧਮਕੀ ਦੇ ਬਾਅਦ ਕੈਨੇਡਾ ਦਾ ਸਭ ਤੋਂ ਵੱਧ ਆਬਾਦੀ ਵਾਲਾ ਸੂਬਾ ਓਨਟਾਰੀਓ ਅਮਰੀਕੀ ਸ਼ਰਾਬ ‘ਤੇ ਪਾਬੰਦੀ ਲਗਾਉਣ ਦੀ ਤਿਆਰੀ ਕਰ ਰਿਹਾ ਹੈ। ਇਸ ਤੋਂ ਇਲਾਵਾ ਅਮਰੀਕੀ ਰਾਜਾਂ ਮਿਸ਼ੀਗਨ, ਨਿਊਯਾਰਕ ਅਤੇ ਮਿਨੀਸੋਟਾ ਨੂੰ ਬਿਜਲੀ ਦੀ ਬਰਾਮਦ ਰੋਕਣ ‘ਤੇ ਵੀ ਵਿਚਾਰ ਕੀਤਾ ਜਾ ਰਿਹਾ ਹੈ। ਡਗ ਫੋਰਡ ਸਰਕਾਰ ਦੇ ਇਕ ਅਧਿਕਾਰੀ ਨੇ ਕਿਹਾ ਕਿ ਲਿਕਰ ਕੰਟਰੋਲ ਬੋਰਡ ਆਫ਼ ਓਨਟਾਰੀਓ ਦੇ ਸਟੋਰਾਂ ਵਿਚ ਅਮਰੀਕਾ ‘ਚ ਬਣੀ ਸ਼ਰਾਬ ਵੇਚਣ ‘ਤੇ ਪਾਬੰਦੀ ਲਾਉਣ ਦੀ ਯੋਜਨਾ ਬਣਾਈ ਜਾ ਰਹੀ ਹੈ। ਇਸ ਤੋਂ ਇਲਾਵਾ ਓਨਟਾਰੀਓ ਅਮਰੀਕਾ ਨੂੰ ਮਹੱਤਵਪੂਰਨ ਖਣਿਜਾਂ ਦੇ ਨਿਰਯਾਤ ‘ਤੇ ਪਾਬੰਦੀ ਲਗਾਉਣ ‘ਤੇ ਵਿਚਾਰ ਕਰ ਰਿਹਾ ਹੈ। ਅਮਰੀਕੀ ਕੰਪਨੀਆਂ ਨੂੰ ਸਰਕਾਰੀ ਟੈਂਡਰਾਂ ਤੋਂ ਬਾਹਰ ਰੱਖਣ ਦੀ ਵੀ ਤਿਆਰੀ ਹੈ।
ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੇ ਬਿਜਲੀ ਨਾ ਵੇਚਣ ਦੇ ਫੈਸਲੇ ਨੂੰ ਆਖਰੀ ਵਿਕਲਪ ਦੱਸਿਆ ਹੈ। ਫੋਰਡ ਨੇ ਕਿਹਾ ਕਿ ਮੈਨੂੰ ਨਹੀਂ ਲੱਗਦਾ ਕਿ ਟਰੰਪ ਅਜਿਹਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਅਸੀਂ ਅਮਰੀਕਾ ਨੂੰ ਸੁਨੇਹਾ ਦੇਣਾ ਚਾਹੁੰਦੇ ਹਾਂ ਕਿ ਜੇਕਰ ਤੁਸੀਂ ਸਾਡੇ ਲੋਕਾਂ ਦੇ ਰੁਜ਼ਗਾਰ ਨੂੰ ਨਿਸ਼ਾਨਾ ਬਣਾਉਂਦੇ ਹੋ ਤਾਂ ਅਸੀਂ ਹਰ ਸੰਭਵ ਕਦਮ ਚੁੱਕਾਂਗੇ। ਹਾਲਾਂਕਿ, ਮੈਨੂੰ ਉਮੀਦ ਹੈ, ਅਜਿਹਾ ਕਰਨ ਦੀ ਕੋਈ ਲੋੜ ਨਹੀਂ ਹੋਵੇਗੀ। ਇਸ ‘ਤੇ ਟਰੰਪ ਨੇ ਇਕ ਇੰਟਰਵਿਊ ਦੌਰਾਨ ਕਿਹਾ ਕਿ ਜੇਕਰ ਫੋਰਡ ਅਜਿਹਾ ਕਰਦੇ ਹਨ ਤਾਂ ਠੀਕ ਹੈ। ਅਮਰੀਕਾ ਕੈਨੇਡਾ ਨੂੰ ਸਬਸਿਡੀ ਦੇ ਰਿਹਾ ਹੈ ਅਤੇ ਅਜਿਹਾ ਨਹੀਂ ਹੋਣਾ ਚਾਹੀਦਾ।
ਦੱਸ ਦੇਈਏ ਕਿ ਟਰੰਪ ਨੇ ਬੀਤੇ ਦਿਨੀਂ ਅਮਰੀਕਾ ‘ਚ ਗੈਰ-ਕਾਨੂੰਨੀ ਪ੍ਰਵਾਸੀਆਂ ਅਤੇ ਨਸ਼ਿਆਂ ਦੇ ਪ੍ਰਵਾਹ ਨੂੰ ਰੋਕਣ ਲਈ ਕੈਨੇਡਾ ਅਤੇ ਮੈਕਸੀਕੋ ਤੋਂ ਆਉਣ ਵਾਲੇ ਸਾਰੇ ਉਤਪਾਦਾਂ ‘ਤੇ 25 ਫੀਸਦੀ ਅਤੇ ਚੀਨ ਤੋਂ ਆਉਣ ਵਾਲੇ ਉਤਪਾਦਾਂ ‘ਤੇ 10 ਫੀਸਦੀ ਟੈਰਿਫ ਲਗਾਉਣ ਦੀ ਗੱਲ ਆਖੀ ਸੀ। ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ‘ਟਰੂਥ’ ‘ਤੇ ਕਿਹਾ ਸੀ ਕਿ 20 ਜਨਵਰੀ ਨੂੰ ਅਹੁਦਾ ਸੰਭਾਲਣ ਤੋਂ ਬਾਅਦ ਉਹ ਸਭ ਤੋਂ ਪਹਿਲਾਂ ਇਨ੍ਹਾਂ ਤਿੰਨਾਂ ਦੇਸ਼ਾਂ ‘ਤੇ ਟੈਰਿਫ ਲਗਾਉਣ ਵਾਲੇ ਕਾਰਜਕਾਰੀ ਆਦੇਸ਼ਾਂ ‘ਤੇ ਦਸਤਖਤ ਕਰਨਗੇ। ਉਨ੍ਹਾਂ ਅੱਗੇ ਲਿਖਿਆ ਸੀ ਕਿ ਜਿਵੇਂ ਕਿ ਹਰ ਕੋਈ ਜਾਣਦਾ ਹੈ, ਹਜ਼ਾਰਾਂ ਲੋਕ ਮੈਕਸੀਕੋ ਅਤੇ ਕੈਨੇਡਾ ਤੋਂ ਅਮਰੀਕਾ ਵਿਚ ਦਾਖਲ ਹੋ ਰਹੇ ਹਨ ਅਤੇ ਉਹ ਆਪਣੇ ਨਾਲ ਡਰੱਗਜ਼ ਅਤੇ ਅਪਰਾਧ ਲਿਆ ਰਹੇ ਹਨ। ਜੇਕਰ ਕੈਨੇਡਾ ਅਤੇ ਮੈਕਸੀਕੋ ਚਾਹੁਣ ਤਾਂ ਉਹ ਇਨ੍ਹਾਂ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਰੋਕ ਸਕਦੇ ਹਨ ਅਤੇ ਉਨ੍ਹਾਂ ਕੋਲ ਅਜਿਹਾ ਕਰਨ ਦੀ ਸ਼ਕਤੀ ਵੀ ਹੈ। ਇਸ ਲਈ ਕੈਨੇਡਾ ਅਤੇ ਮੈਕਸੀਕੋ ਤੋਂ ਆਉਣ ਵਾਲੇ ਉਤਪਾਦਾਂ ‘ਤੇ 25 ਫੀਸਦੀ ਟੈਰਿਫ ਲਗਾਇਆ ਜਾਵੇਗਾ ਅਤੇ ਜਦੋਂ ਤੱਕ ਕੈਨੇਡਾ ਅਤੇ ਮੈਕਸੀਕੋ ਆਪਣੀ ਸਰਹੱਦ ਰਾਹੀਂ ਅਮਰੀਕਾ ‘ਚ ਆਉਣ ਵਾਲੇ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਨਹੀਂ ਰੋਕਦੇ, ਉਨ੍ਹਾਂ ਨੂੰ ਭਾਰੀ ਟੈਰਿਫ ਦੇਣਾ ਪਵੇਗਾ ਅਤੇ ਚੀਨ ‘ਤੇ ਡਰੱਗਜ਼ ‘ਤੇ ਰੋਕ ਨਾ ਲਗਾਉਣ ‘ਤੇ 10 ਫੀਸਦੀ ਵਾਧੂ ਟੈਰਿਫ ਲਗਾਇਆ ਜਾਵੇਗਾ।