#PUNJAB

ਓਝੜੇ ਰਾਹਾਂ ਦੇ ਪਾਂਧੀ ਬਣਦੀ ਜਾ ਰਹੀ ਹੈ ਪੰਜਾਬ ਦੀ ਜਵਾਨੀ!

-ਪੰਜਾਬ ਦੀਆਂ ਜੇਲ੍ਹਾਂ ‘ਚ ਪਿਆ ਘੜਮੱਸ; ਵੱਡੀ ਗਿਣਤੀ ਨੌਜਵਾਨ ਬੰਦੀ
ਚੰਡੀਗੜ੍ਹ, 1 ਜੁਲਾਈ (ਪੰਜਾਬ ਮੇਲ)- ਜਦੋਂ ਵੀ ਨਸ਼ਿਆਂ ਖ਼ਿਲਾਫ਼ ਮੁਹਿੰਮ ਛਿੜਦੀ ਹੈ, ਪੰਜਾਬ ਦੀਆਂ ਜੇਲ੍ਹਾਂ ‘ਚ ਘੜਮੱਸ ਮੱਚ ਜਾਂਦਾ ਹੈ। ਪੰਜਾਬ ਪੁਲਿਸ ਨੇ ਹੁਣ ਨਸ਼ਿਆਂ ਵਿਰੁੱਧ ਮੁਹਿੰਮ ਵਿੱਢੀ ਹੈ, ਜਿਸ ਦੇ ਨਤੀਜੇ ਵਜੋਂ ਜੇਲ੍ਹਾਂ ਵਿਚ ਬੰਦੀਆਂ ਦੀ ਗਿਣਤੀ ਵਧਣ ਲੱਗੀ ਹੈ। ਬੀਤੇ ਦੋ ਵਰ੍ਹਿਆਂ ਦੌਰਾਨ ਜੇਲ੍ਹਾਂ ਵਿਚ ਕਰੀਬ 5,443 ਬੰਦੀਆਂ ਦਾ ਵਾਧਾ ਹੋ ਗਿਆ ਹੈ। ਹੁਣ ਜੇਲ੍ਹਾਂ ਵਿਚ ਨਸ਼ਾ ਤਸਕਰੀ ਵਾਲੇ ਕੇਸਾਂ ਦੇ ਬੰਦੀ ਵਧਣ ਲੱਗੇ ਹਨ, ਜਦੋਂਕਿ ਜੇਲ੍ਹਾਂ ਦੀ ਸਮਰੱਥਾ ਘੱਟ ਹੈ। ਦੇਸ਼ ‘ਚੋਂ ਪੰਜਾਬ ਛੋਟਾ ਸੂਬਾ ਹੈ ਪ੍ਰੰਤੂ ਇਹ ਮੁਲਕ ‘ਚੋਂ ਜੇਲ੍ਹਾਂ ਵਿਚ ਬੰਦੀਆਂ ਦੇ ਲਿਹਾਜ਼ ‘ਚ ਪੰਜਵੇਂ ਨੰਬਰ ‘ਤੇ ਆ ਗਿਆ ਹੈ। ਪੰਜਾਬ ਦੀਆਂ ਜੇਲ੍ਹਾਂ ਵਿਚ ਬੰਦੀਆਂ ਦੀ ਗਿਣਤੀ 31,607 ਹੋ ਗਈ ਹੈ, ਜਦੋਂਕਿ ਜੂਨ 2022 ਵਿਚ ਇਹ ਅੰਕੜਾ 26,164 ਸੀ। ਜੇਲ੍ਹਾਂ ਵਿਚ 5,443 ਬੰਦੀ ਵਧ ਗਏ ਹਨ। ਹਾਲਾਂਕਿ ਜੇਲ੍ਹਾਂ ਵਿਚ ਬੰਦੀਆਂ ਦਾ ਅੰਕੜਾ ਘਟਦਾ-ਵਧਦਾ ਰਹਿੰਦਾ ਹੈ ਲੇਕਿਨ ਹੁਣ ਪੰਜਾਬ ਪੁਲਿਸ ਨੇ ਨਸ਼ਿਆਂ ਖ਼ਿਲਾਫ਼ ਜੋ ਤਸਕਰਾਂ ਦੀ ਫੜੋ-ਫੜੀ ਸ਼ੁਰੂ ਕੀਤੀ ਹੈ, ਉਸ ਤੋਂ ਜਾਪਦਾ ਹੈ ਕਿ ਆਉਂਦੇ ਦਿਨਾਂ ਵਿਚ ਜੇਲ੍ਹਾਂ ਵਿਚ ਬੰਦੀਆਂ ਨੂੰ ਥਾਂ ਮਿਲਣੀ ਮੁਸ਼ਕਲ ਹੋ ਜਾਣੀ ਹੈ। ਸੂਬੇ ਦੀਆਂ ਜੇਲ੍ਹਾਂ ਦੀ ਸਮਰੱਥਾ 26,904 ਬੰਦੀਆਂ ਦੀ ਹੈ ਅਤੇ ਇਨ੍ਹਾਂ ਜੇਲ੍ਹਾਂ ਵਿਚ ਸਮਰੱਥਾ ਤੋਂ ਕਰੀਬ ਚਾਰ ਹਜ਼ਾਰ ਬੰਦੀ ਵੱਧ ਬੰਦ ਹਨ।
ਸੂਤਰ ਦੱਸਦੇ ਹਨ ਕਿ ਜੇਲ੍ਹਾਂ ਵਿਚ ਵਿਚਾਰ ਅਧੀਨ ਬੰਦੀ ਜ਼ਿਆਦਾ ਹਨ ਅਤੇ ਇਨ੍ਹਾਂ ਵਿਚ ਐੱਨ.ਡੀ.ਪੀ.ਐੱਸ. ਕੇਸਾਂ ਵਾਲੇ ਬੰਦੀ ਜ਼ਿਆਦਾ ਹਨ। ਇਸ ਵੇਲੇ ਪੰਜਾਬ ਦੀਆਂ ਜੇਲ੍ਹਾਂ ਵਿਚ 1,548 ਔਰਤਾਂ ਵੀ ਬੰਦ ਹਨ। ਨਸ਼ਿਆਂ ਵਿਰੁੱਧ ਕੰਮ ਕਰਨ ਵਾਲੇ ਸਮਾਜਿਕ ਕਾਰਕੁੰਨ ਰੁਪਿੰਦਰਪਾਲ ਸਿੰਘ ਤਲਵੰਡੀ ਸਾਬੋ ਆਖਦੇ ਹਨ ਕਿ ਪੁਲਿਸ ਦੀ ਵਿਸ਼ੇਸ਼ ਮੁਹਿੰਮ ਨਾਲ ਜੇਲ੍ਹਾਂ ਵਿਚ ਬੰਦੀ ਤਾਂ ਵੱਧ ਜਾਂਦੇ ਹਨ ਪ੍ਰੰਤੂ ਬਹੁਤੇ ਬੰਦੀ ਕਾਨੂੰਨੀ ਖ਼ਾਮੀਆਂ ਕਰਕੇ ਜਲਦ ਜ਼ਮਾਨਤ ‘ਤੇ ਬਾਹਰ ਆ ਜਾਂਦੇ ਹਨ। ਉਨ੍ਹਾਂ ਕਿਹਾ ਕਿ ਨਸ਼ਾ ਰੋਕਣ ਵਾਸਤੇ ਬਹੁਪੱਖੀ ਰਣਨੀਤੀ ਤਿਆਰ ਕਰਨ ਦੀ ਲੋੜ ਹੈ। ਜੇ ਜੇਲ੍ਹਾਂ ਵਿਚ ਇਸੇ ਰਫ਼ਤਾਰ ਨਾਲ ਬੰਦੀਆਂ ਦਾ ਅੰਕੜਾ ਵਧਦਾ ਗਿਆ, ਤਾਂ ਜੇਲ੍ਹਾਂ ਦੇ ਪ੍ਰਬੰਧ ਛੋਟੇ ਪੈ ਜਾਣੇ ਹਨ। ਨਸ਼ਿਆਂ ਖ਼ਿਲਾਫ਼ ਮੁਹਿੰਮ ਦੇ ਵਜੋਂ ਵਕੀਲਾਂ ਦਾ ਕੰਮਕਾਰ ਵੀ ਵਧ ਗਿਆ ਹੈ। ਪਿਛਲੀਆਂ ਸਰਕਾਰਾਂ ਸਮੇਂ ਵੀ ਜਦੋਂ ਨਸ਼ਿਆਂ ਖ਼ਿਲਾਫ਼ ਲੋਕ ਆਵਾਜ਼ ਉੱਠਦੀ ਸੀ, ਤਾਂ ਬਾਕਾਇਦਾ ਇੱਕ ਵਿਸ਼ੇਸ਼ ਮੁਹਿੰਮ ਚਲਾਈ ਜਾਂਦੀ ਸੀ, ਜਿਸ ਤਹਿਤ ਵੱਧ ਤੋਂ ਵੱਧ ਕੇਸ ਦਰਜ ਕੀਤੇ ਜਾਂਦੇ ਸਨ। ਜਿਉਂ ਹੀ ਲੋਕਾਂ ਦਾ ਧਿਆਨ ਲਾਂਭੇ ਹੁੰਦਾ ਸੀ, ਤਾਂ ਮੁਹਿੰਮ ਆਪਣੇ ਆਪ ਫ਼ੌਤ ਹੋ ਜਾਂਦੀ ਸੀ। ਲੰਘੀਆਂ ਲੋਕ ਸਭਾ ਚੋਣਾਂ ਵਿਚ ਨਸ਼ੇ ਮੁੜ ਮੁੱਦਾ ਬਣ ਕੇ ਉੱਭਰੇ ਸਨ। ਪੰਜਾਬ ਦੇ ਗੁਆਂਢੀ ਸੂਬੇ ਹਰਿਆਣਾ ਦੀਆਂ ਜੇਲ੍ਹਾਂ ਵਿਚ 24,956 ਬੰਦੀ ਹਨ, ਜਦੋਂਕਿ ਰਾਜਸਥਾਨ ਦੀਆਂ ਜੇਲ੍ਹਾਂ ਵਿਚ 24,067 ਬੰਦੀ ਹਨ। ਗੁਜਰਾਤ ਦੀਆਂ ਜੇਲ੍ਹਾਂ ਵਿਚ 18,235 ਬੰਦੀ ਹਨ। ਦੇਸ਼ ‘ਤੇ ਨਜ਼ਰ ਮਾਰੀਏ, ਤਾਂ ਸਭ ਤੋਂ ਵੱਧ ਜੇਲ੍ਹਾਂ ਵਿਚ ਬੰਦੀ ਉੱਤਰ ਪ੍ਰਦੇਸ਼ ਵਿਚ ਹਨ, ਜਿੱਥੇ ਜੇਲ੍ਹਾਂ ਵਿਚ 88,876 ਬੰਦੀ ਹਨ, ਜਦੋਂ ਕਿ ਦੂਜੇ ਨੰਬਰ ‘ਤੇ ਬਿਹਾਰ ਦੀਆਂ ਜੇਲ੍ਹਾਂ ਵਿਚ 47,934 ਬੰਦੀ ਹਨ। ਤੀਜਾ ਨੰਬਰ ਮੱਧ ਪ੍ਰਦੇਸ਼ ਦਾ ਹੈ, ਜਿੱਥੋਂ ਦੀਆਂ ਜੇਲ੍ਹਾਂ ਵਿਚ 46900 ਬੰਦੀ ਹਨ। ਮਹਾਰਾਸ਼ਟਰ ਦੀਆਂ ਜੇਲ੍ਹਾਂ ਵਿਚ 42224 ਬੰਦੀ ਹਨ, ਜਿਸ ਦਾ ਚੌਥਾ ਨੰਬਰ ਹੈ। ਪੰਜਵੇਂ ਨੰਬਰ ‘ਤੇ ਪੰਜਾਬ ਆਉਂਦਾ ਹੈ, ਜਿੱਥੇ ਜੇਲ੍ਹਾਂ ਵਿਚ 31607 ਬੰਦੀ ਹਨ।
ਵੇਰਵਿਆਂ ਅਨੁਸਾਰ ਪੰਜਾਬ ਦੀਆਂ ਜੇਲ੍ਹਾਂ ਵਿਚ ਵੱਡੀ ਗਿਣਤੀ ਨੌਜਵਾਨ ਬੰਦੀ ਹਨ, ਜੋ ਇੱਕ ਚਿੰਤਾਜਨਕ ਵਿਸ਼ਾ ਵੀ ਹੈ। ਜੇਲ੍ਹਾਂ ਵਿਚ 20-30 ਸਾਲ ਵਾਲੇ 14,969 ਬੰਦੀ ਹਨ, ਜਦੋਂਕਿ 30-40 ਉਮਰ ਵਰਗ ਦੇ 10,829 ਬੰਦੀ ਹਨ। ਕਰੀਬ 82 ਫ਼ੀਸਦੀ ਬੰਦੀ ਨੌਜਵਾਨ ਵਰਗ ‘ਚੋਂ ਹਨ। ਇਸੇ ਤਰ੍ਹਾਂ 70 ਸਾਲ ਤੋਂ ਉਪਰ ਦੇ ਕਰੀਬ 228 ਬੰਦੀ ਜੇਲ੍ਹਾਂ ਵਿਚ ਬੰਦ ਹਨ। ਇਸ ਰੁਝਾਨ ਤੋਂ ਜਾਪਦਾ ਹੈ ਕਿ ਪੰਜਾਬ ਦੀ ਜਵਾਨੀ ਕਿਹੜੇ ਰਾਹੇ ਤੁਰ ਪਈ ਹੈ। ਬਹੁਤੇ ਨੌਜਵਾਨ ਨਸ਼ਿਆਂ ਦੇ ਕੇਸਾਂ ਅਤੇ ਝਪਟਮਾਰੀ ਆਦਿ ਦੇ ਕੇਸਾਂ ਵਿਚ ਬੰਦ ਹਨ।