#OTHERS

ਐੱਸ.ਸੀ.ਓ. ਮੀਟਿੰਗ ‘ਚ ਸ਼ਾਮਲ ਹੋਣ ਲਈ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਇਸਲਾਮਾਬਾਦ ਪੁੱਜੇ

ਇਸਲਾਮਾਬਾਦ, 15 ਅਕਤੂਬਰ (ਪੰਜਾਬ ਮੇਲ)- ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਐੱਸ.ਸੀ.ਓ. ਕੌਂਸਲ ਆਫ਼ ਹੈੱਡਜ਼ ਆਫ਼ ਗਵਰਨਮੈਂਟ (ਸੀ.ਐੱਚ.ਜੀ.) ਦੀ 2-ਰੋਜ਼ਾ 23ਵੀਂ ਮੀਟਿੰਗ ਵਿਚ ਸ਼ਾਮਲ ਹੋਣ ਲਈ ਮੰਗਲਵਾਰ ਦੁਪਹਿਰ ਇਸਲਾਮਾਬਾਦ ਪਹੁੰਚੇ। ਮੀਟਿੰਗ ਦੀ ਸ਼ੁਰੂਆਤ ਸੀ.ਐੱਚ.ਜੀ. ਦੇ ਮੌਜੂਦਾ ਚੇਅਰਮੈਨ ਵਜੋਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼ ਵੱਲੋਂ ਆਯੋਜਿਤ ਸਵਾਗਤੀ ਰਾਤ ਦੇ ਖਾਣੇ ਨਾਲ ਹੋਵੇਗੀ।
ਭਾਰਤੀ ਵਫ਼ਦ ਨੂੰ ਲੈ ਕੇ ਭਾਰਤੀ ਹਵਾਈ ਸੈਨਾ (ਆਈ.ਏ.ਐੱਫ.) ਦਾ ਜਹਾਜ਼ ਰਾਵਲਪਿੰਡੀ ਦੇ ਨੂਰ ਖਾਨ ਏਅਰਬੇਸ ‘ਤੇ ਉਤਰਿਆ। ਭਾਰਤ-ਪਾਕਿਸਤਾਨ ਦੇ ਸਬੰਧਾਂ ‘ਚ ਤਣਾਅ ਵਿਚਾਲੇ ਕਰੀਬ ਇਕ ਦਹਾਕੇ ‘ਚ ਕਿਸੇ ਭਾਰਤੀ ਵਿਦੇਸ਼ ਮੰਤਰੀ ਦੀ ਗੁਆਂਢੀ ਦੇਸ਼ ਦੀ ਇਹ ਪਹਿਲੀ ਯਾਤਰਾ ਹੈ। ਪਾਕਿਸਤਾਨ ਦਾ ਦੌਰਾ ਕਰਨ ਵਾਲੀ ਭਾਰਤ ਦੀ ਆਖਰੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਸੀ। ਉਨ੍ਹਾਂ ਨੇ ਅਫਗਾਨਿਸਤਾਨ ‘ਤੇ ਇੱਕ ਸੰਮੇਲਨ ਵਿਚ ਹਿੱਸਾ ਲੈਣ ਲਈ ਦਸੰਬਰ 2015 ਵਿਚ ਇਸਲਾਮਾਬਾਦ ਦੀ ਯਾਤਰਾ ਕੀਤੀ ਸੀ। ਜੈਸ਼ੰਕਰ ਦੇ ਪਾਕਿਸਤਾਨ ਦੌਰੇ ਨੂੰ ਅਹਿਮ ਮੰਨਿਆ ਜਾ ਰਿਹਾ ਹੈ, ਕਿਉਂਕਿ ਇਸ ਨੂੰ ਭਾਰਤ ਵੱਲੋਂ ਇਕ ਅਹਿਮ ਫੈਸਲੇ ਵਜੋਂ ਦੇਖਿਆ ਜਾ ਰਿਹਾ ਹੈ।