#PUNJAB

ਐੱਸ. ਆਈ. ਟੀ. ਸਾਹਮਣੇ ਪੇਸ਼ ਨਹੀਂ ਹੋਣਗੇ ਬਿਕਰਮ ਮਜੀਠੀਆ

ਪਟਿਆਲਾ/ਅੰਮ੍ਰਿਤਸਰ, 18 ਜੁਲਾਈ (ਪੰਜਾਬ ਮੇਲ)-  ਕਰੋੜਾਂ ਰੁਪਏ ਦੇ ਡਰੱਗ ਤਸਕਰੀ ਮਾਮਲੇ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (ਐੱਸ. ਆਈ. ਟੀ.) ਦੇ ਸਾਹਮਣੇ ਅੱਜ ਬਿਕਰਮ ਮਜੀਠੀਆ ਪੇਸ਼ ਨਹੀਂ ਹੋਣਗੇ। ਸੂਤਰਾਂ ਮੁਤਾਬਕ ਉਨ੍ਹਾਂ ਨੇ ਐੱਸ.ਆਈ. ਟੀ. ਨੂੰ ਆਖਿਆ ਹੈ ਕਿ ਅੱਜ ਅੰਮ੍ਰਿਤਸਰ ਕੋਰਟ ਵਿਚ ਉਨ੍ਹਾਂ ਦੀ ਇਕ ਕੇਸ ਵਿਚ ਪੇਸ਼ੀ ਹੈ ਜਦਕਿ 23 ਜੁਲਾਈ ਨੂੰ ਇਸੇ ਮਾਮਲੇ ਦੀ ਸੁਣਵਾਈ ਸੁਪਰੀਮ ਕੋਰਟ ਵਿਚ ਹੈ। ਅਜਿਹੇ ਵਿਚ ਉਨ੍ਹਾਂ ਨੇ ਅਗਲੀ ਤਾਰੀਖ਼ ਉਸ ਤੋਂ ਬਾਅਦ ਦੀ ਹੀ ਦਿੱਤੀ ਜਾਵੇ। ਦੱਸਣਯੋਗ ਹੈ ਕਿ ਬਿਕਰਮ ਮਜੀਠੀਆ ਨੂੰ ਐੱਸ. ਆਈ. ਟੀ. ਨੇ ਅੱਜ ਪੁੱਛਗਿੱਛ ਲਈ ਬੁਲਾਇਆ ਸੀ। ਹਾਲਾਂਕਿ ਇਸ ਤੋਂ ਪਹਿਲਾਂ ਜਦੋਂ ਸਿੱਟ ਨੇ ਸੰਮਨ ਜਾਰੀ ਕੀਤੇ ਸਨ ਤਾਂ ਉਦੋਂ ਅਕਾਲੀ ਦਲ ਨੇ ਇਸ ਮਾਮਲੇ ਨੂੰ ਸਿਆਸਤ ਤੋਂ ਪ੍ਰੇਰਿਤ ਦੱਸਿਆ ਸੀ। ਇਸ ਤੋਂ ਪਹਿਲਾਂ ਜਦੋਂ ਪਿਛਲੇ ਮਹੀਨੇ ਐੱਸ. ਆਈ. ਟੀ. ਨੇ ਮਜੀਠੀਆ ਨੂੰ ਨੋਟਿਸ ਜਾਰੀ ਕੀਤਾ ਤਾਂ ਉਦੋਂ ਮਜੀਠੀਆ ਨੇ ਇਸ ਦੇ ਵਿਰੋਧ ਵਿਚ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ। ਉਨ੍ਹਾਂ ਨੇ ਅਦਾਲਤ ਵਿਚ ਕਿਹਾ ਸੀ ਕਿ ਉਨ੍ਹਾਂ ਨੂੰ ਵਾਰ-ਵਾਰ ਸੰਮਨ ਭੇਜ ਕੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਇਸ ਦਰਮਿਆਨ 8 ਜੁਲਾਈ ਨੂੰ ਐੱਸ. ਆਈ. ਟੀ. ਨੇ ਸੰਮਨ ਵਾਪਸ ਲੈ ਲਏ ਸਨ। ਜਦਕਿ ਬਾਅਦ ਵਿਚ ਫਿਰ ਨਵੇਂ ਸਰਿਓਂ ਮਜੀਠੀਆ ਨੂੰ ਸੰਮਨ ਜਾਰੀ ਕੀਤੇ ਗਏ, ਜਿਸ ਲਈ ਅੱਜ ਉਨ੍ਹਾਂ ਨੂੰ ਪਟਿਆਲਾ ਵਿਚ ਪੁੱਛਗਿੱਛ ਲਈ ਬੁਲਾਇਆ ਗਿਆ ਸੀ।