#PUNJAB

ਐੱਸ.ਆਈ.ਟੀ. ਵੱਲੋਂ ਹਾਈ ਕੋਰਟ ‘ਚ ਖੁਲਾਸਾ; ਪੰਜਾਬ ਦੀ ਹੱਦ ਅੰਦਰ ਹੋਈ ਸੀ ਲਾਰੈਂਸ ਬਿਸ਼ਨੋਈ ਦੀ ਪਹਿਲੀ ਇੰਟਰਵਿਊ

‘ਸਿਗਨਲ ਐਪ’ ਦੀ ਕੀਤੀ ਗਈ ਸੀ ਵਰਤੋਂ
ਚੰਡੀਗੜ੍ਹ, 11 ਜੁਲਾਈ (ਪੰਜਾਬ ਮੇਲ)-ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਹਿਰਾਸਤ ‘ਚ ਹੋਈ ਇੰਟਰਵਿਊ ਨੂੰ ਲੈ ਕੇ ਬਣਾਈ ਗਈ ਐੱਸ.ਆਈ.ਟੀ. ਨੇ ਵੱਡਾ ਖ਼ੁਲਾਸਾ ਕੀਤਾ ਹੈ ਕਿ ਉਸ ਦਾ ਪਹਿਲਾ ਇੰਟਰਵਿਊ ਪੰਜਾਬ ਦੀ ਹੱਦ ਅੰਦਰ ਹੋਇਆ ਸੀ। ਇੰਟਰਵਿਊ ਲਈ ਸਿਗਨਲ ਐਪ ਦੀ ਵਰਤੋਂ ਕੀਤੀ ਗਈ ਸੀ ਅਤੇ ਇਸ ਨੂੰ ਜਲਦੀ ਹੀ ਜ਼ਬਤ ਕਰ ਲਿਆ ਜਾਵੇਗਾ। ਹਾਈ ਕੋਰਟ ਨੇ ਇਸ ਮਾਮਲੇ ਦੀ ਜਾਂਚ ਸਪੈਸ਼ਲ ਡੀ.ਜੀ.ਪੀ. ਮਨੁੱਖੀ ਅਧਿਕਾਰ ਪ੍ਰਬੋਧ ਕੁਮਾਰ ਦੀ ਅਗਵਾਈ ਵਾਲੀ ਐੱਸ.ਆਈ.ਟੀ. ਨੂੰ ਸੌਂਪੀ ਸੀ। ਐੱਸ.ਆਈ.ਟੀ. ਨੇ ਬੁੱਧਵਾਰ ਨੂੰ ਹਾਈ ਕੋਰਟ ਨੂੰ ਦੱਸਿਆ ਕਿ ਹੁਣ ਤੱਕ ਦੀ ਜਾਂਚ ਵਿਚ ਇਹ ਸਾਹਮਣੇ ਆਇਆ ਹੈ ਕਿ ਸਿਗਨਲ ਐਪ ਰਾਹੀਂ ਇਹ ਇੰਟਰਵਿਊ ਪੰਜਾਬ ਦੀ ਹੱਦ ਦੇ ਅੰਦਰ ਕੀਤੀ ਗਈ ਸੀ ਅਤੇ ਜਾਂਚ ਅਜੇ ਜਾਰੀ ਹੈ ਅਤੇ ਕੁਝ ਅਹਿਮ ਗਵਾਹਾਂ ਤੋਂ ਪੁੱਛਗਿੱਛ ਕੀਤੀ ਜਾਣੀ ਹੈ। ਅਜਿਹੇ ‘ਚ ਇਸ ਦੇ ਲਈ ਹਾਈ ਕੋਰਟ ਤੋਂ ਮੋਹਲਤ ਮੰਗੀ ਗਈ ਹੈ।
ਹਾਈ ਕੋਰਟ ਵਿਚ ਐੱਸ.ਆਈ.ਟੀ. ਵੱਲੋਂ ਜਾਂਚ ਦੀ ਅੰਤਰਿਮ ਸੀਲਬੰਦ ਰਿਪੋਰਟ ਪੇਸ਼ ਕੀਤੀ ਗਈ। ਇਸ ਰਿਪੋਰਟ ਨੂੰ ਦੇਖਣ ਤੋਂ ਬਾਅਦ ਹਾਈ ਕੋਰਟ ਨੇ ਦੁਬਾਰਾ ਸੀਲਬੰਦ ਕਰਕੇ ਇਸ ਨੂੰ ਵਾਪਸ ਕਰ ਦਿੱਤਾ। ਸੰਗਰੂਰ ਜੇਲ੍ਹ ਵਿਚ ਪੋਕਸੋ ਐਕਟ ਅਧੀਨ ਵਿਚਾਰ ਅਧੀਨ ਇਕ ਕੈਦੀ ਵੱਲੋਂ ਪੀੜਤ ਨੂੰ ਆਪਣੇ ਮੋਬਾਈਲ ਰਾਹੀਂ ਜੇਲ੍ਹ ਦੀ ਇਕ ਵੀਡੀਓ ਭੇਜਣ ਦੀ ਅਦਾਲਤ ਨੂੰ ਜਾਣਕਾਰੀ ਦਿੱਤੀ ਗਈ ਸੀ। ਸਿੰਗਲ ਬੈਂਚ ਅੱਗੇ ਕੈਦੀ ਦੀ ਨਿਯਮਤ ਜ਼ਮਾਨਤ ਪਟੀਸ਼ਨ ਪੈਂਡਿੰਗ ਸੀ। ਜੇਲ੍ਹ ਵਿਚ ਕੈਦੀਆਂ ਵੱਲੋਂ ਮੋਬਾਈਲ ਫ਼ੋਨ ਦੀ ਵਰਤੋਂ ਨੂੰ ਬਹੁਤ ਹੀ ਗੰਭੀਰ ਮਾਮਲਾ ਦੱਸਦਿਆਂ ਸਿੰਗਲ ਬੈਂਚ ਨੇ ਇਸ ਮਾਮਲੇ ਦਾ ਨੋਟਿਸ ਲੈਂਦਿਆਂ ਇਸ ਨੂੰ ਜਨਹਿੱਤ ਪਟੀਸ਼ਨ ਵਜੋਂ ਸੁਣਵਾਈ ਲਈ ਭੇਜ ਦਿੱਤਾ ਹੈ। ਇਸ ਮਾਮਲੇ ਵਿਚ ਜਸਟਿਸ ਅਨੁਪੇਂਦਰ ਗਰੇਵਾਲ ਦੇ ਡਵੀਜ਼ਨ ਬੈਂਚ ਨੇ ਜਦੋਂ ਸੁਣਵਾਈ ਸ਼ੁਰੂ ਕੀਤੀ, ਤਾਂ ਇਸ ਦੌਰਾਨ ਲਾਰੈਂਸ ਬਿਸ਼ਨੋਈ ਦੀ ਜੇਲ੍ਹ ਤੋਂ ਹੋਈ ਇੰਟਰਵਿਊ ਦਾ ਮੁੱਦਾ ਸਾਹਮਣੇ ਆਇਆ ਅਤੇ ਹਾਈ ਕੋਰਟ ਨੇ ਪੰਜਾਬ ਸਰਕਾਰ ਤੋਂ ਜਵਾਬ ਤਲਬ ਕੀਤਾ ਸੀ। ਇਸ ਤੋਂ ਬਾਅਦ ਹਾਈਕੋਰਟ ਨੇ ਇਸ ਮਾਮਲੇ ਦੀ ਜਾਂਚ ਲਈ ਵਿਸ਼ੇਸ਼ ਡੀ.ਜੀ.ਪੀ. ਮਨੁੱਖੀ ਅਧਿਕਾਰ ਪ੍ਰਬੋਧ ਕੁਮਾਰ ਦੀ ਪ੍ਰਧਾਨਗੀ ਹੇਠ ਐੱਸ.ਆਈ.ਟੀ. ਦਾ ਗਠਨ ਕੀਤਾ ਸੀ। ਐੱਸ.ਆਈ.ਟੀ. ਨੇ ਦੋ ਐੱਫ.ਆਈ.ਆਰ. ਦਰਜ ਕਰਕੇ ਇਸ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਸੀ।

ਨੈਤਿਕਤਾ ਦੇ ਆਧਾਰ ‘ਤੇ ਅਸਤੀਫ਼ਾ ਦੇਵੇ ਮੁੱਖ ਮੰਤਰੀ ਪੰਜਾਬ : ਸੁਖਬੀਰ
ਭਗਵੰਤ ਮਾਨ ਸਰਕਾਰ ਦਾ ਇਕ ਹੋਰ ਝੂਠ ਬੇਨਕਾਬ ਹੋ ਗਿਆ ਹੈ ਅਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਸਪੱਸ਼ਟ ਕੀਤਾ ਹੈ ਕਿ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਪੰਜਾਬ ਦੀ ਜੇਲ੍ਹ ‘ਚ ਹੀ ਹੋਈ ਸੀ ਅਤੇ ਪੰਜਾਬ ਦੇ ਮੁੱਖ ਮੰਤਰੀ ਮਾਨ ਅਤੇ ਡੀ.ਜੀ.ਪੀ. ਪੰਜਾਬ ਤਾਂ ਇਹ ਗੱਲ ਆਖਦੇ ਸਨ ਕਿ ਇੰਟਰਵਿਊ ਪੰਜਾਬ ਤੋਂ ਬਾਹਰ ਹੋਈ ਹੈ ਪਰ ਇਸ ਸਭ ਲਈ ਸਿੱਧਾ ਜ਼ਿੰਮੇਵਾਰ ਮੁੱਖ ਮੰਤਰੀ ਮਾਨ ਹੈ, ਜੋ ਕਿ ਇਕ ਪਾਸੇ ਗੈਂਗਸਟਰਾਂ ਦੀ ਪੁਸ਼ਤਪਨਾਹੀ ਕਰ ਰਿਹਾ ਹੈ ਅਤੇ ਦੂਸਰੇ ਪਾਸੇ ਪੰਜਾਬੀਆਂ ਨੂੰ ਝੂਠ ਬੋਲ ਕੇ ਬੁੱਧੂ ਬਣਾ ਰਿਹਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਇਕ ਪੋਸਟ ਸਾਂਝੀ ਕਰਦਿਆਂ ਕੀਤਾ। ਉਨ੍ਹਾਂ ਅੱਗੇ ਲਿਖਿਆ ਕਿ ਹੁਣ ਸੱਚ ਸਾਰਿਆਂ ਦੇ ਸਾਹਮਣੇ ਆਉਣ ‘ਤੇ ਭਗਵੰਤ ਮਾਨ ਨੂੰ ਨੈਤਿਕਤਾ ਦੇ ਆਧਾਰ ‘ਤੇ ਅਸਤੀਫਾ ਦੇਣਾ ਚਾਹੀਦਾ ਹੈ।

‘ਆਪ’ ਸਰਕਾਰ ਨੇ ਪੰਜਾਬ ਦਾ ਕੀਤਾ ਬੇੜਾ ਗਰਕ : ਮਜੀਠੀਆ
ਮੁੱਖ ਮੰਤਰੀ ਅਤੇ ਡੀ.ਜੀ.ਪੀ. ਪੰਜਾਬ ਨੇ ਦਾਅਵਾ ਕੀਤਾ ਸੀ ਕਿ ਲਾਰੈਂਸ ਬਿਸ਼ਨੋਈ ਦੀ ਨਿੱਜੀ ਚੈਨਲ ‘ਤੇ ਹੋਈ ਇੰਟਰਵਿਊ ਪੰਜਾਬ ਦੀ ਜੇਲ੍ਹ ‘ਚ ਨਹੀਂ ਹੋਈ ਪਰ ਅੱਜ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਸਪੱਸ਼ਟ ਦੱਸ ਦਿੱਤਾ ਕਿ ਇੰਟਰਵਿਊ ਪੰਜਾਬ ਦੀ ਜੇਲ੍ਹ ‘ਚ ਹੋਈ ਸੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਇਕ ਪੋਸਟ ਸਾਂਝੀ ਕਰਦਿਆਂ ਕੀਤਾ। ਉਨ੍ਹਾਂ ਅੱਗੇ ਲਿਖਿਆ ਕਿ ਮੁੱਖ ਮੰਤਰੀ ਮਾਨ ਦਾ ਇਕ ਹੋਰ ਵੱਡਾ ਝੂਠ ਹੋਇਆ ਬੇਨਕਾਬ। ਮਜੀਠੀਆ ਨੇ ਲਿਖਿਆ ਕਿ ਤੁਸੀਂ ਗੈਂਗਸਟਰਾਂ ਨਾਲ ਰਲ ਕੇ ਖੇਡ ਰਹੇ ਹੋ ਅਤੇ ਪੰਜਾਬ ਨੂੰ ਗੈਂਗਸਟਰਾਂ ਹਵਾਲੇ ਕਰ ਦਿੱਤਾ ਹੈ ਤੇ ਉਨ੍ਹਾਂ ਦੀ ਤੁਸੀਂ ਪੁਸ਼ਤਪਨਾਹੀ ਕਰ ਰਹੇ ਹੋ। ਉਨ੍ਹਾਂ ਅੱਗੇ ਲਿਖਿਆ ਕਿ ਪੰਜਾਬ ਦਾ ਬੇੜਾ ਗਰਕ ਇਕੱਲਿਆਂ ਤੁਸੀਂ ਤੇ ਤੁਹਾਡੀ ‘ਆਪ’ ਸਰਕਾਰ ਨੇ ਕੀਤਾ ਹੈ ਅਤੇ ਪੰਜਾਬ ਹੁਣ ਇਸ ਦਾ ਜਵਾਬ ਮੰਗਦਾ ਹੈ।