ਵੋਟਰਾਂ ਨੂੰ 7 ਸ਼੍ਰੇਣੀਆਂ ‘ਚ ਵੰਡਿਆ; ਨਾਗਰਿਕਤਾ ਸੋਧ ਕਾਨੂੰਨਾਂ ਮੁਤਾਬਕ ਦੇਣੇ ਪੈਣਗੇ ਪ੍ਰਮਾਣ-ਪੱਤਰ
ਨਾਭਾ, 24 ਸਤੰਬਰ (ਪੰਜਾਬ ਮੇਲ)-ਵੋਟਰ ਸੂਚੀ ‘ਚ ਵਿਸ਼ੇਸ਼ ਵਿਆਪਕ ਸੁਧਾਈ (ਐੱਸ.ਆਈ.ਆਰ.) ਦੀ ਤਿਆਰੀ ਲਈ ਮਿਲਾਈਆਂ 2003 ਅਤੇ 2025 ਦੀਆਂ ਵੋਟਰ ਸੂਚੀਆਂ ਮਗਰੋਂ ਵੋਟਰਾਂ ਨੂੰ 7 ਭਾਗਾਂ ਵਿਚ ਵੰਡਿਆ ਗਿਆ ਹੈ। 5 ਸਤੰਬਰ ਨੂੰ ਜਾਰੀ ਹੋਏ ਹੁਕਮਾਂ ਮੁਤਾਬਕ ਬੂਥ ਪੱਧਰ ਦੇ ਅਧਿਕਾਰੀਆਂ (ਬੀ.ਐੱਲ.ਓਜ਼) ਨੇ ਇਹ ਦਰਜਾਬੰਦੀ 19 ਸਤੰਬਰ ਤੱਕ ਕਰਕੇ ਦੇਣੀ ਸੀ। ਵੋਟਰ ਸੂਚੀ ਦੇ ਇਹ 7 ਭਾਗ ਦੋ ਤਰੀਕਾਂ 1 ਜੁਲਾਈ 1987 ਅਤੇ 2 ਦਸੰਬਰ 2024 ਦੇ ਆਧਾਰ ‘ਤੇ ਬਣੇ ਹਨ। ਇਨ੍ਹਾਂ ਦਿਨਾਂ ਨੂੰ ਨਾਗਰਿਕਤਾ ਸੋਧ ਕਾਨੂੰਨ 1986 ਤੇ ਨਾਗਰਿਕਤਾ ਸੋਧ ਕਾਨੂੰਨ 2003 ਲਾਗੂ ਹੋਏ ਹਨ। ਇਨ੍ਹਾਂ ਤਰੀਕਾਂ ਦੇ ਹਿਸਾਬ ਨਾਲ ਸੱਤ ਸ਼੍ਰੇਣੀਆਂ ‘ਚ ਵੰਡੇ ਵਿਅਕਤੀਆਂ ਨੂੰ ਨਾਗਰਿਕਤਾ ਸੋਧ ਕਾਨੂੰਨਾਂ ਮੁਤਾਬਕ ਹੀ ਪ੍ਰਮਾਣ-ਪੱਤਰ ਦੇਣੇ ਪੈਣਗੇ। ਹਾਲਾਂਕਿ ਦਸਤਾਵੇਜ਼ ਇਕੱਠੇ ਕਰਨ ਬਾਰੇ ਹਾਲੇ ਨਿਰਦੇਸ਼ ਜਾਰੀ ਨਹੀਂ ਹੋਏ ਪਰ ਬੀ. ਐੱਲ. ਓਜ਼ ਨੂੰ ਜਾਰੀ ਸੱਤ ਸ਼੍ਰੇਣੀਆਂ ਵਾਲੇ ਪਰਫਾਰਮੇ ਵਿਚ ਹਰ ਸ਼੍ਰੇਣੀ ਤੋਂ ਲਏ ਜਾਣ ਵਾਲੇ ਪ੍ਰਮਾਣ-ਪੱਤਰਾਂ ਦਾ ਵੇਰਵਾ ਦਿੱਤਾ ਹੋਇਆ ਹੈ। ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ. ਨੇ ਸਪੱਸ਼ਟ ਕੀਤਾ ਹੈ ਕਿ ਹਾਲੇ ਪੰਜਾਬ ਐੱਸ. ਆਈ. ਆਰ. ਬਾਰੇ ਕੌਮੀ ਚੋਣ ਕਮਿਸ਼ਨ ਤੋਂ ਦਿਸ਼ਾ-ਨਿਰਦੇਸ਼ ਆਉਣੇ ਹਨ ਅਤੇ ਇਸ ਲਈ ਕਿਸੇ ਨੂੰ ਵੀ ਕੋਈ ਸਿੱਟਾ ਨਹੀਂ ਕੱਢਣਾ ਚਾਹੀਦਾ।
ਪਰਫਾਰਮੇ ਮੁਤਾਬਕ 1 ਜੁਲਾਈ 1987 ਤੋਂ ਪਹਿਲਾਂ ਭਾਰਤ ‘ਚ ਜਨਮੇ ਵਿਅਕਤੀ ਨੂੰ ਮਾਪੇ ਦੀ ਸ਼ਨਾਖਤ ਕਰਵਾਉਣ ਦੀ ਲੋੜ ਨਹੀਂ ਹੈ। ਉਸ ਨੂੰ ਸਿਰਫ ਆਪਣੀ ਸ਼ਨਾਖਤ ਦੇਣੀ ਪੇਵੇਗੀ। 1 ਜੁਲਾਈ 1987 ਤੋਂ 2 ਦਸੰਬਰ 2004 ਤੱਕ ਜਨਮੇ ਵਿਅਕਤੀ ਨੂੰ ਮਾਤਾ ਜਾਂ ਪਿਤਾ ‘ਚੋਂ ਇਕ ਦੀ ਸ਼ਨਾਖਤ ਕਰਵਾਉਣੀ ਪਵੇਗੀ ਤੇ 2 ਦਸੰਬਰ 2004 ਤੋਂ ਬਾਅਦ ਜਨਮੇ ਨੂੰ ਮਾਤਾ-ਪਿਤਾ ਦੋਵਾਂ ਦੀ ਸ਼ਨਾਖਤ ਕਰਵਾਉਣੀ ਪਵੇਗੀ। ਇਸ ਦੇ ਨਾਲ ਹੀ ਸ਼ਨਾਖਤ ਲਈ 11 ਪ੍ਰਵਾਨਿਤ ਦਸਤਾਵੇਜ਼ਾਂ ਦੀ ਸੂਚੀ ਦਿੱਤੀ ਗਈ ਹੈ। 1 ਜੁਲਾਈ 1987 ਤੋਂ ਪਹਿਲਾਂ ਭਾਰਤ ਵਿਚ ਜਨਮਿਆ ਹਰ ਵਿਅਕਤੀ ਭਾਰਤੀ ਨਾਗਰਿਕ ਹੈ, ਭਾਵੇਂ ਉਸ ਦੇ ਮਾਪੇ ਭਾਰਤੀ ਨਾਗਰਿਕ ਨਾ ਵੀ ਹੋਣ।
ਸ਼੍ਰੇਣੀ-ਏ ਤੇ ਬੀ ਵਿਚ ਉਹ ਵਿਅਕਤੀ ਹਨ, ਜਿਨ੍ਹਾਂ ਦਾ ਜਨਮ 1 ਜੁਲਾਈ 1987 ਤੋਂ ਪਹਿਲਾਂ ਹੋਇਆ ਹੈ। 2003 ਦੀ ਵੋਟਰ ਸੂਚੀ ਵਿਚ ਸ਼ਾਮਲ ਵਿਅਕਤੀ ਸ਼੍ਰੇਣੀ-ਏ ਵਿਚ ਹਨ ਤੇ ਬਾਕੀ ਸ਼੍ਰੇਣੀ-ਬੀ ਵਿਚ। 1 ਜੁਲਾਈ 1987 ਤੋਂ 2 ਦਸੰਬਰ 2004 ਵਿਚਾਲੇ ਜਨਮ ਲੈਣ ਵਾਲਿਆਂ ਨੂੰ ਸ਼੍ਰੇਣੀ-ਸੀ ਤੇ ਸ਼੍ਰੇਣੀ-ਈ ਵਿਚ ਰੱਖਿਆ ਗਿਆ। ਸ਼੍ਰੇਣੀ-ਸੀ ਵਿਚ ਉਹ ਵਿਅਕਤੀ ਹਨ, ਜਿਨ੍ਹਾਂ ਦੇ ਮਾਤਾ ਜਾਂ ਪਿਤਾ ‘ਚੋਂ ਇੱਕ 2003 ਦੀ ਵੋਟਰ ਸੂਚੀ ਵਿਚ ਸ਼ਾਮਲ ਸਨ ਅਤੇ ਸ਼੍ਰੇਣੀ-ਈ ਵਿਚ ਉਹ ਜਿਨ੍ਹਾਂ ਦੇ ਦੋਵੇਂ ਮਾਪੇ ਉਸ ਸੂਚੀ ਵਿਚ ਨਹੀਂ ਸਨ।
ਇਸੇ ਤਰ੍ਹਾਂ 2 ਦਸੰਬਰ 2004 ਤੋਂ ਬਾਅਦ ਜਨਮ ਲੈਣ ਵਾਲਿਆਂ ਨੂੰ ਸ਼੍ਰੇਣੀ-ਡੀ, ਐੱਫ ਤੇ ਜੀ ਵਿਚ ਰੱਖਿਆ ਗਿਆ ਹੈ। ਸ਼੍ਰੇਣੀ-ਡੀ ਵਿਚ ਉਹ ਵੋਟਰ ਆਉਂਦੇ ਹਨ, ਜਿਨ੍ਹਾਂ ਦੇ ਮਾਂ-ਪਿਓ ਦੋਵੇਂ 2003 ਦੀ ਸੂਚੀ ਵਿਚ ਸਨ। ਸ਼੍ਰੇਣੀ-ਐੱਫ ਵਿਚ ਉਹ ਹਨ, ਜਿਨ੍ਹਾਂ ਦੇ ਮਾਂ ਜਾਂ ਪਿਓ ‘ਚੋਂ ਇਕ 2003 ਦੀ ਸੂਚੀ ਵਿਚ ਨਹੀਂ ਸੀ ਅਤੇ ਸ਼੍ਰੇਣੀ-ਜੀ ਵਿਚ ਉਹ ਹਨ, ਜਿਨ੍ਹਾਂ ਦੇ ਦੋਵੇਂ ਮਾਪੇ ਉਸ ਸੂਚੀ ਵਿਚ ਸ਼ਾਮਲ ਨਹੀਂ ਸਨ।
ਚੋਣ ਅਧਿਕਾਰੀ ਨੇ ਸਪੱਸ਼ਟ ਕੀਤਾ ਕਿ ਹਾਲੇ ਦਸਤਾਵੇਜ਼ ਇਕੱਠੇ ਕਰਨ ਲਈ ਕੋਈ ਨਿਰਦੇਸ਼ ਨਹੀਂ ਆਏ, ਜੇ ਕੋਈ ਬੀ. ਐੱਲ. ਓ. ਦਸਤਾਵੇਜ਼ ਇਕੱਠੇ ਕਰ ਰਿਹਾ ਹੈ, ਤਾਂ ਉਸ ਨੂੰ ਗਲਤੀ ਲੱਗ ਗਈ ਹੋ ਸਕਦੀ ਹੈ। ਫਿਲਹਾਲ ਉਨ੍ਹਾਂ ਨੂੰ ਸਿਰਫ਼ ਜਨਮ ਮਿਤੀ ਦੇ ਆਧਾਰ ‘ਤੇ ਵੋਟਰਾਂ ਦੀ ਸੂਚੀ ਨੂੰ 7 ਸ਼੍ਰੇਣੀਆਂ ਵਿਚ ਵੰਡਣ ਦੇ ਹੁਕਮ ਹਨ।