-ਐੱਫ.ਏ.ਟੀ.ਐੱਫ. ਨਵੀਂ ਖੁਫੀਆ ਜਾਣਕਾਰੀ ਸੌਂਪਣ ਦੀ ਯੋਜਨਾ ਬਣਾ ਰਿਹੈ ਭਾਰਤ
ਨਵੀਂ ਦਿੱਲੀ, 20 ਮਈ (ਪੰਜਾਬ ਮੇਲ)- ਭਾਰਤ ਨੇ ਗੁਆਂਢੀ ਦੇਸ਼ ਪਾਕਿਸਤਾਨ ਨੂੰ ਸਬਕ ਸਿਖਾਉਣ ਦੀ ਤਿਆਰੀ ਕਰ ਲਈ ਹੈ। ਭਾਰਤ ਪਾਕਿਸਤਾਨ ਵਿਚ ਸਰਗਰਮ ਅੱਤਵਾਦੀ ਢਾਂਚੇ ਬਾਰੇ ਵਿੱਤੀ ਐਕਸ਼ਨ ਟਾਸਕ ਫੋਰਸ (ਐੱਫ.ਏ.ਟੀ.ਐੱਫ.) ਨੂੰ ਨਵੀਂ ਖੁਫੀਆ ਜਾਣਕਾਰੀ ਸੌਂਪਣ ਦੀ ਯੋਜਨਾ ਬਣਾ ਰਿਹਾ ਹੈ। ਐੱਫ.ਏ.ਟੀ.ਐੱਫ. ਇੱਕ ਗਲੋਬਲ ਸੰਸਥਾ ਹੈ, ਜੋ ਮਨੀ ਲਾਂਡਰਿੰਗ ਅਤੇ ਅੱਤਵਾਦ ਵਿੱਤ ਪੋਸ਼ਣ ਦੀ ਨਿਗਰਾਨੀ ਕਰਦੀ ਹੈ, ਜਿਸਨੇ ਕੁਝ ਸਾਲ ਪਹਿਲਾਂ ਤੱਕ ਪਾਕਿਸਤਾਨ ਨੂੰ ਅੱਤਵਾਦ ਦਾ ਸਮਰਥਨ ਕਰਨ ਲਈ ਗ੍ਰੇ ਸੂਚੀ ਵਿਚ ਰੱਖਿਆ ਸੀ। ਪਹਿਲਗਾਮ ਹਮਲੇ ਤੋਂ ਬਾਅਦ ਭਾਰਤ ਨੇ ਆਪ੍ਰੇਸ਼ਨ ਸਿੰਦੂਰ ਤਹਿਤ ਪਾਕਿਸਤਾਨ ਅਤੇ ਪੀ.ਓ.ਕੇ. ਵਿਚ 9 ਅੱਤਵਾਦੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਅਤੇ ਪੂਰੀ ਦੁਨੀਆਂ ਨੂੰ ਦਿਖਾਇਆ ਕਿ ਕਿਵੇਂ ਪਾਕਿਸਤਾਨ ਅੱਤਵਾਦ ਦੇ ਬੁਨਿਆਦੀ ਢਾਂਚੇ ਦਾ ਸਮਰਥਨ ਕਰ ਰਿਹਾ ਹੈ।
ਭਾਰਤ ਪਹਿਲਾਂ ਹੀ ਅੰਤਰਰਾਸ਼ਟਰੀ ਮੁਦਰਾ ਫੰਡ ਅਤੇ ਆਈ.ਐੱਮ.ਐੱਫ. ਸਮੇਤ ਦੁਨੀਆਂ ਦੇ ਵਿੱਤੀ ਸੰਸਥਾਨਾਂ ਨੂੰ ਪਾਕਿਸਤਾਨ ਨੂੰ ਆਰਥਿਕ ਸਹਾਇਤਾ ਬੰਦ ਕਰਨ ਦੀ ਅਪੀਲ ਕਰ ਚੁੱਕਾ ਹੈ। ਭਾਰਤ ਦਾ ਕਹਿਣਾ ਹੈ ਕਿ ਪਾਕਿਸਤਾਨ ਇਸ ਪੈਸੇ ਦੀ ਵਰਤੋਂ ਅੱਤਵਾਦ ਲਈ ਕਰ ਰਿਹਾ ਹੈ। ਭਾਰਤ ਇਸ ਮੁੱਦੇ ਨੂੰ ਅੰਤਰਰਾਸ਼ਟਰੀ ਮੰਚ ‘ਤੇ ਉਠਾਉਣ ਬਾਰੇ ਸੋਚ ਰਿਹਾ ਹੈ। ਭਾਰਤ ਨਵੇਂ ਸਬੂਤ ਦਿਖਾਉਣ ਜਾ ਰਿਹਾ ਹੈ, ਜੋ ਇਹ ਸਪੱਸ਼ਟ ਕਰਦੇ ਹਨ ਕਿ ਪਾਕਿਸਤਾਨ ਦੀ ਸਰਕਾਰੀ ਮਸ਼ੀਨਰੀ ਅੱਤਵਾਦੀ ਸਮੂਹਾਂ ਨੂੰ ਲਗਾਤਾਰ ਸੁਰੱਖਿਆ ਪ੍ਰਦਾਨ ਕਰ ਰਹੀ ਹੈ। ਅਜਿਹੀ ਸਥਿਤੀ ਵਿਚ ਪਾਕਿਸਤਾਨ ਇੱਕ ਵਾਰ ਫਿਰ ਐੱਫ.ਏ.ਟੀ.ਐੱਫ. ਦੀ ਗ੍ਰੇ ਲਿਸਟ ਵਿਚ ਜਾ ਸਕਦਾ ਹੈ।
ਪਾਕਿਸਤਾਨ ਨੂੰ ਪਹਿਲਾਂ ਵੀ ਕਈ ਵਾਰ ਐੱਫ.ਏ.ਟੀ.ਐੱਫ. ਦੀ ਗ੍ਰੇ ਸੂਚੀ ‘ਚੋਂ ਸ਼ਾਮਲ ਅਤੇ ਹਟਾਇਆ ਜਾ ਚੁੱਕਾ ਹੈ। ਪਾਕਿਸਤਾਨ ਨੂੰ ਪਹਿਲੀ ਵਾਰ 2008 ਵਿਚ ਗ੍ਰੇ ਸੂਚੀ ਵਿਚ ਪਾਇਆ ਗਿਆ ਸੀ ਅਤੇ 2009 ਵਿਚ ਹਟਾ ਦਿੱਤਾ ਗਿਆ ਸੀ। ਪਾਕਿਸਤਾਨ 2012 ਤੋਂ 2015 ਦਰਮਿਆਨ ਐੱਫ.ਏ.ਟੀ.ਐੱਫ. ਦੀ ਗ੍ਰੇ ਸੂਚੀ ਵਿਚ ਸੀ। ਐੱਫ.ਏ.ਟੀ.ਐੱਫ., ਜੋ ਅੱਤਵਾਦ ਅਤੇ ਅੱਤਵਾਦੀ ਫੰਡਿੰਗ ‘ਤੇ ਨਜ਼ਰ ਰੱਖਦਾ ਹੈ, ਨੇ ਜੂਨ 2018 ‘ਚ ਪਾਕਿਸਤਾਨ ਨੂੰ ਗ੍ਰੇ ਸੂਚੀ ‘ਚ ਪਾ ਦਿੱਤਾ ਸੀ। ਪਰ ਅਕਤੂਬਰ 2022 ਵਿਚ ਸੂਚੀ ਵਿਚੋਂ ਹਟਾ ਦਿੱਤਾ।
22 ਅਪ੍ਰੈਲ ਨੂੰ ਜੰਮੂ-ਕਸ਼ਮੀਰ ਦੇ ਪਹਿਲਗਾਮ ਦੀ ਬੈਸਰਨ ਘਾਟੀ ‘ਚ ਪਾਕਿਸਤਾਨ ਸਪਾਂਸਰਡ ਅੱਤਵਾਦੀਆਂ ਨੇ ਹਮਲਾ ਕੀਤਾ ਸੀ, ਜਿਸ ‘ਚ 26 ਲੋਕ ਮਾਰੇ ਗਏ ਸਨ ਅਤੇ 17 ਹੋਰ ਜ਼ਖਮੀ ਹੋ ਗਏ ਸਨ। ਭਾਰਤ ਨੇ ਇਸ ਹਮਲੇ ਲਈ ਪਾਕਿਸਤਾਨ ਨੂੰ ਜ਼ਿੰਮੇਵਾਰ ਠਹਿਰਾਇਆ ਅਤੇ 6-7 ਅਕਤੂਬਰ ਨੂੰ ਪਾਕਿਸਤਾਨ ਅਤੇ ਪਾਕਿਸਤਾਨ ਦੇ ਗੈਰ-ਕਾਨੂੰਨੀ ਕਬਜ਼ੇ ਵਾਲੇ ਕਸ਼ਮੀਰ (ਪੀ.ਓ.ਕੇ) ਵਿਚ 9 ਅੱਤਵਾਦੀ ਟਿਕਾਣਿਆਂ ਨੂੰ ਨਿਸ਼ਾਨਾ ਬਣਾ ਕੇ ਹਵਾਈ ਹਮਲੇ ਕੀਤੇ। ਭਾਰਤੀ ਹਮਲੇ ‘ਚ ਘੱਟੋ-ਘੱਟ 100 ਅੱਤਵਾਦੀ ਮਾਰੇ ਗਏ ਸਨ। ਭਾਰਤ ਦੀ ਕਾਰਵਾਈ ਦੇ ਜਵਾਬ ਵਿਚ ਪਾਕਿਸਤਾਨ ਨੇ ਫੌਜੀ ਅਤੇ ਨਾਗਰਿਕ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ, ਜਿਸ ਨੂੰ ਨਾਕਾਮ ਕਰ ਦਿੱਤਾ ਗਿਆ। ਦੋਵੇਂ ਦੇਸ਼ਾਂ ਵਿਚਾਲੇ ਕਰੀਬ 4 ਦਿਨਾਂ ਦੀ ਲੜਾਈ ਮਗਰੋਂ ਜੰਗਬੰਦੀ ਹੋਈ। ਹਾਲਾਂਕਿ ਭਾਰਤ ਨੇ ਸਾਫ ਕਿਹਾ ਹੈ ਕਿ ਭਵਿੱਖ ਵਿਚ ਕਿਸੇ ਵੀ ਅੱਤਵਾਦੀ ਕਾਰਵਾਈ ਨੂੰ ਯੁੱਧ ਦੀ ਕਾਰਵਾਈ ਮੰਨਿਆ ਜਾਵੇਗਾ।
ਐੱਫ.ਏ.ਟੀ.ਐੱਫ. ਦੀ ਸੂਚੀ ‘ਚ ਮੁੜ ਸ਼ਾਮਲ ਹੋਵੇਗਾ ਪਾਕਿਸਤਾਨ!
