ਹੈਰੋਇਨ ਤਸਕਰੀ ਮਾਮਲੇ ‘ਚ ਸ਼ੱਕੀ ਭੂਮਿਕਾ ਹੋਣ ਦਾ ਦੋਸ਼
ਅੰਮ੍ਰਿਤਸਰ, 17 ਸਤੰਬਰ (ਪੰਜਾਬ ਮੇਲ)- ਨਾਰਕੋਟਿਕਸ ਕੰਟਰੋਲ ਬਿਊਰੋ (ਐੱਨ.ਸੀ.ਬੀ.) ਜਲਦੀ ਹੀ ਤਰਨਤਾਰਨ ਦੇ ਇਕ ਵੱਡੇ ‘ਆਪ’ ਨੇਤਾ ਨੂੰ ਹੈਰੋਇਨ ਤਸਕਰੀ ਦੇ ਇਕ ਮਾਮਲੇ ਵਿਚ ਨੋਟਿਸ ਜਾਰੀ ਕਰਨ ਜਾ ਰਿਹਾ ਹੈ। ਪਤਾ ਲੱਗਾ ਹੈ ਕਿ ਇਹ ਵੱਡਾ ਆਗੂ ਕੁਝ ਸਮਾਂ ਪਹਿਲਾਂ ਸੱਤਾਧਾਰੀ ਪਾਰਟੀ ‘ਚ ਸ਼ਾਮਲ ਹੋਇਆ ਸੀ। ਹਾਲਾਂਕਿ, ਇਸ ਤੋਂ ਪਹਿਲਾਂ ਇਸੇ ਮਾਮਲੇ ‘ਚ ਐੱਨ.ਸੀ.ਬੀ. ਨੇ ਤਰਨਤਾਰਨ ਦੇ ਵਾਰਡ ਨੰਬਰ 22 ਦੇ ਆਮ ਆਦਮੀ ਪਾਰਟੀ ਦੇ ਕੌਂਸਲਰ ਗੁਰਪ੍ਰੀਤ ਸਿੰਘ ਗੋਲਡੀ ਨੂੰ ਨੋਟਿਸ ਭੇਜ ਕੇ ਆਪਣੇ ਦਰਬਾਰ ਵਿਚ ਬੁਲਾ ਚੁੱਕੀ ਹੈ। ਐੱਨ.ਸੀ.ਬੀ. ਦੀ ਉਕਤ ਕਾਰਵਾਈ ਤੋਂ ਬਾਅਦ ਤਰਨਤਾਰਨ ਦੀ ਸਿਆਸਤ ‘ਚ ਭੂਚਾਲ ਆ ਗਿਆ ਹੈ। ਆਉਣ ਵਾਲੀਆਂ ਉੱਪ ਚੋਣਾਂ ਦੇ ਮੱਦੇਨਜ਼ਰ ਕਈ ਵੱਡੇ ਆਗੂਆਂ ਨੇ ਵੀ ਜੋੜ-ਤੋੜ ਦੀ ਸਿਆਸਤ ਕਰਨੀ ਸ਼ੁਰੂ ਕਰ ਦਿੱਤੀ ਹੈ। ਚਰਚਾ ਹੈ ਕਿ ਜੇਕਰ ਦੋਸ਼ ਸਾਬਤ ਹੋ ਜਾਂਦੇ ਹਨ, ਤਾਂ ਐੱਨ.ਸੀ.ਬੀ. ਦੋਵਾਂ ਆਗੂਆਂ ਨੂੰ ਗ੍ਰਿਫ਼ਤਾਰ ਕਰ ਕੇ ਜੇਲ੍ਹ ਭੇਜ ਸਕਦਾ ਹੈ। ਐੱਨ.ਸੀ.ਬੀ. ਨੂੰ ਇਨਪੁਟ ਮਿਲੇ ਹਨ ਕਿ ਤਰਨਤਾਰਨ ਵਿਚ ਹੈਰੋਇਨ ਸਪਲਾਈ ਦਾ ਵੱਡਾ ਕਾਰੋਬਾਰ ਚੱਲ ਰਿਹਾ ਹੈ। ਜ਼ਿਕਰਯੋਗ ਹੈ ਕਿ 20 ਅਗਸਤ ਨੂੰ ਐੱਨ.ਸੀ.ਬੀ. ਨੇ ਤਰਨਤਾਰਨ ਦੇ ਪਿੰਡ ਤਾਮੋਵਾਲ ਦੇ ਵਸਨੀਕ ਪਰਮਿੰਦਰ ਸਿੰਘ ਉਰਫ਼ ਪੰਮਾ, ਸ਼ਫੀ ਉਰਫ਼ ਸੰਨੀ ਅਤੇ ਸ਼ਾਕਾ ਨੂੰ 80 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਸੀ। ਮੁਲਜ਼ਮਾਂ ਤੋਂ ਪੁੱਛਗਿੱਛ ਕਰਨ ਤੋਂ ਬਾਅਦ ਐੱਨ.ਸੀ.ਬੀ. ਨੇ ਕੌਂਸਲਰ ਗੁਰਪ੍ਰੀਤ ਸਿੰਘ ਨੂੰ ਇਸ ਮਾਮਲੇ ਵਿਚ ਉਸ ਦੀ ਭੂਮਿਕਾ ਸ਼ੱਕੀ ਲੱਗਣ ‘ਤੇ ਨੋਟਿਸ ਜਾਰੀ ਕੀਤਾ ਸੀ। ਐੱਨ.ਸੀ.ਬੀ. ਅਧਿਕਾਰੀ ਨੇ ਦੱਸਿਆ ਕਿ ਗੁਰਪ੍ਰੀਤ ਗੋਲਡੀ ਪਹਿਲਾਂ ਵੀ ਇਕ ਵਾਰ ਐੱਨ.ਸੀ.ਬੀ. ਪੁਲਿਸ ਥਾਣੇ ਪਹੁੰਚ ਕੇ ਜਾਂਚ ਵਿਚ ਹਿੱਸਾ ਲੈ ਚੁੱਕਾ ਹੈ ਅਤੇ ਹੁਣ ਉਸ ਨੂੰ ਦੁਬਾਰਾ ਪੇਸ਼ ਹੋਣ ਲਈ ਕਿਹਾ ਗਿਆ ਹੈ।
ਐੱਨ.ਸੀ.ਬੀ. ਵੱਲੋਂ ਤਰਨਤਾਰਨ ‘ਚ ‘ਆਪ’ ਨੇਤਾ ਨੂੰ ਨੋਟਿਸ ਭੇਜਣ ਦੀ ਤਿਆਰੀ
