#INDIA

ਐੱਨ.ਐੱਸ.ਏ. ਤਹਿਤ ਗਠਿਤ ਬੋਰਡ ਦੇ ਮੈਂਬਰ ਡਿਬਰੂਗੜ੍ਹ ਜੇਲ੍ਹ ਪਹੁੰਚੇ

– ਅੰਮ੍ਰਿਤਪਾਲ ਸਿੰਘ ਤੇ ਸਾਥੀਆਂ ਦੇ ਬਿਆਨ ਕੀਤੇ ਦਰਜ
ਡਿਬਰੂਗੜ੍ਹ (ਆਸਾਮ), 24 ਮਈ (ਪੰਜਾਬ ਮੇਲ)- ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਤੇ ਉਸ ਦੇ ਸਾਥੀਆਂ ਨੂੰ ਮਿਲਣ ਲਈ ਐੱਨ.ਐੱਸ.ਏ. ਤਹਿਤ ਗਠਿਤ ਬੋਰਡ ਦੇ ਮੈਂਬਰ ਆਸਾਮ ਦੀ ਡਿਬਰੂਗੜ੍ਹ ਜੇਲ੍ਹ ਵਿਚ ਪੁੱਜੇ। ਬੋਰਡ ਦੇ ਮੈਂਬਰਾਂ ਨੇ ਅੰਮ੍ਰਿਤਪਾਲ ਸਿੰਘ ਤੇ ਉਸ ਦੇ ਸਾਥੀਆਂ ਨਾਲ ਵੱਖ-ਵੱਖ ਤੌਰ ‘ਤੇ ਮੁਲਾਕਾਤ ਕੀਤੀ। ਉਨ੍ਹਾਂ ਤੋਂ ਕੁਝ ਸਵਾਲ ਪੁੱਛੇ ਤੇ ਬਿਆਨ ਦਰਜ ਕੀਤੇ।
ਹਾਲਾਂਕਿ ਬੋਰਡ ਦੇ ਮੈਂਬਰਾਂ ਵੱਲੋਂ ਕਿਹੜੇ ਸਵਾਲ ਪੁੱਛੇ ਗਏ ਤੇ ਬਿਆਨ ਕਿਵੇਂ ਦਰਜ ਕੀਤੇ ਗਏ, ਇਸ ਦੀ ਜਾਣਕਾਰੀ ਅਜੇ ਜਨਤਕ ਨਹੀਂ ਕੀਤੀ ਗਈ। ਉਸ ਨੂੰ ਗੁਪਤ ਰੱਖਿਆ ਗਿਆ ਹੈ। ਐੱਨ.ਐੱਸ.ਏ. ਤਹਿਤ ਹਾਈ ਕੋਰਟ ਦੇ ਸੇਵਾਮੁਕਤ ਜਸਟਿਸ ਸ਼ਬੀਹੁਲ ਹਸਨੈਨ ਦੀ ਪ੍ਰਧਾਨਗੀ ਹੇਠ ਗਠਿਤ ਬੋਰਡ ਵਿਚ ਸੁਵੀਰ ਸਿਓਕੰਦ, ਦਿਵਯਾਂਸ਼ੂ ਜੈਨ, ਪੰਜਾਬ ਪੁਲਿਸ ਦੇ ਆਈ.ਜੀ. ਰਾਕੇਸ਼ ਅਗਰਵਾਲ ਮੈਂਬਰ ਵਜੋਂ ਸ਼ਾਮਲ ਹਨ।
ਦੱਸ ਦਈਏ ਕਿ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਤੇ ਉਸ ਦੇ ਕਰੀਬੀ ਪਪਲਪ੍ਰੀਤ ਸਿੰਘ ਸਮੇਤ ਨੌਂ ਪੰਜਾਬੀ ਨੌਜਵਾਨ ਅਜਨਾਲਾ ਥਾਣੇ ‘ਤੇ ਹਮਲੇ ਤੇ ਖਾਲਿਸਤਾਨੀ ਗਤੀਵਿਧੀਆਂ ਦੇ ਦੋਸ਼ ਹੇਠ ਰਾਸ਼ਟਰੀ ਸੁਰੱਖਿਆ ਕਾਨੂੰਨ (ਐੱਨ.ਐੱਸ.ਏ.) ਤਹਿਤ ਆਸਾਮ ਦੀ ਡਿਬਰੂਗੜ੍ਹ ਜੇਲ੍ਹ ਵਿਚ ਬੰਦ ਹਨ।
ਪਪਲਪ੍ਰੀਤ ਨੂੰ 10 ਅਪ੍ਰੈਲ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਤੇ 11 ਅਪ੍ਰੈਲ ਨੂੰ ਡਿਬਰੂਗੜ੍ਹ ਜੇਲ੍ਹ ਵਿਚ ਭੇਜਿਆ ਗਿਆ ਸੀ। ਜਦੋਂਕਿ ਅੰਮ੍ਰਿਤਪਾਲ ਸਿੰਘ ਨੂੰ ਪੰਜਾਬ ਪੁਲਿਸ ਨੇ 36 ਦਿਨ ਭਗੌੜਾ ਰਹਿਣ ਤੋਂ ਬਾਅਦ 23 ਅਪ੍ਰੈਲ ਨੂੰ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਦੇ ਪਿੰਡ ਰੋਡੇ ਦੇ ਗੁਰੂਘਰ ਤੋਂ ਗ੍ਰਿਫਤਾਰ ਕੀਤਾ ਸੀ। ਇੱਥੇ ਗ੍ਰਿਫਤਾਰੀ ਤੋਂ ਪਹਿਲਾਂ ਉਨ੍ਹਾਂ ਗੁਰੂਘਰ ਵਿਖੇ ਮੱਥਾ ਟੇਕਿਆ ਤੇ ਉਥੇ ਮੌਜੂਦ ਸੰਗਤ ਨੂੰ ਸੰਬੋਧਨ ਵੀ ਕੀਤਾ।

Leave a comment