#PUNJAB

ਐੱਨ.ਆਰ.ਆਈ. ਬਜ਼ੁਰਗ ਦਾ ਬੇਰਹਿਮੀ ਨਾਲ ਕਤਲ

ਖੰਨਾ, 2 ਫਰਵਰੀ (ਪੰਜਾਬ ਮੇਲ)- ਇਥੋਂ ਦੇ ਨਵੀਂ ਆਬਾਦੀ ਇਲਾਕੇ ਵਿਚ ਇੱਕ ਘਰ ਦੇ ਪਖਾਨੇ ਵਿਚੋਂ 81 ਸਾਲਾ ਐੱਨ.ਆਰ.ਆਈ. ਔਰਤ ਦੀ ਲਾਸ਼ ਬਰਾਮਦ ਹੋਈ। ਔਰਤ ਦਾ ਬੇਰਹਿਮੀ ਨਾਲ ਕਤਲ ਕੀਤਾ ਗਿਆ ਸੀ ਅਤੇ ਘਟਨਾ ਤੋਂ ਬਾਅਦ ਇਲਾਕੇ ਵਿਚ ਡਰ ਦਾ ਮਾਹੌਲ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕਾ ਦੀ ਪਹਿਚਾਣ ਜਗਪਾਲ ਕੌਰ ਵਜੋਂ ਹੋਈ ਹੈ, ਜੋ ਇੱਕ ਸੇਵਾਮੁਕਤ ਅਧਿਆਪਕਾ ਸੀ ਅਤੇ ਲੰਬੇ ਸਮੇਂ ਤੋਂ ਕੈਨੇਡਾ ਵਿਚ ਰਹਿ ਰਹੀ ਸੀ। ਜਗਪਾਲ ਕੌਰ ਅਕਤੂਬਰ 2025 ਵਿਚ ਕੈਨੇਡਾ ਤੋਂ ਭਾਰਤ ਵਾਪਸ ਆਈ ਸੀ ਅਤੇ ਅਪ੍ਰੈਲ ਵਿਚ ਕੈਨੇਡਾ ਜਾਣ ਦੀ ਤਿਆਰੀ ਕਰ ਰਹੀ ਸੀ। ਉਹ ਖੰਨਾ ਨਵੀਂ ਅਬਾਦੀ ਆਪਣੇ ਘਰ ਵਿਚ ਇਕੱਲੀ ਰਹਿ ਰਹੀ ਸੀ। ਜਦੋਂ ਘਰ ਅੰਦਰੋਂ ਤੇਜ਼ ਬਦਬੂ ਆਉਣ ਲੱਗੀ ਤਾਂ ਲੋਕਾਂ ਨੂੰ ਸ਼ੱਕ ਹੋਇਆ ਅਤੇ ਉਨ੍ਹਾਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ। ਮੌਕੇ ‘ਤੇ ਪੁੱਜੀ ਪੁਲਿਸ ਨੇ ਦਰਵਾਜ਼ਾ ਖੋਲ੍ਹਿਆ ਤਾਂ ਅੰਦਰ ਹੱਥ-ਪੈਰ ਬੰਨ੍ਹੀ ਲਾਸ਼ ਬਰਾਮਦ ਹੋਈ, ਜਿਸ ਨੂੰ ਦੇਖ ਕੇ ਸਪੱਸ਼ਟ ਹੁੰਦਾ ਹੈ ਕਿ ਇਹ ਕਤਲ ਇੱਕ ਯੋਜਨਾਬੱਧ ਢੰਗ ਨਾਲ ਕੀਤਾ ਗਿਆ ਸੀ। ਪੁਲਿਸ ਨੇ ਸਬੂਤ ਇਕੱਠੇ ਕਰਨ ਲਈ ਇੱਕ ਫੋਰੈਂਸਿਕ ਟੀਮ ਨੂੰ ਘਟਨਾ ਸਥਾਨ ‘ਤੇ ਬੁਲਾਇਆ ਅਤੇ ਸੁਰਾਗ ਲੱਭਣ ਲਈ ਨੇੜੇ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਮ੍ਰਿਤਕਾ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਘਰ ਦੇ ਉਪਰਲੇ ਹਿੱਸੇ ਵਿਚ ਰਹਿੰਦੇ ਕਿਰਾਏਦਾਰ ਚਲੇ ਗਏ ਸਨ, ਜਿਸ ਕਾਰਨ ਜਗਪਾਲ ਕੌਰ ਘਰ ਵਿਚ ਇਕੱਲੀ ਰਹਿੰਦੀ ਸੀ। ਐੱਸ.ਪੀ. ਪਵਨਜੀਤ ਚੌਧਰੀ ਨੇ ਕਿਹਾ ਕਿ ਪੁਲਿਸ ਇਸ ਮਾਮਲੇ ਦੀ ਹਰ ਪਹਿਲੂ ਦੀ ਵੀ ਜਾਂਚ ਕਰ ਰਹੀ ਹੈ, ਜਲਦ ਹੀ ਕਾਤਲਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।