#PUNJAB

ਐੱਨ.ਆਰ.ਆਈ. ਨੂੰ ਬੰਦ ਪਏ ਮਕਾਨ ਦਾ 33,500 ਰੁਪਏ ਆਇਆ ਬਿਜਲੀ ਦਾ ਬਿੱਲ

-ਮੁੱਖ ਮੰਤਰੀ ਅਤੇ ਬਿਜਲੀ ਮੰਤਰੀ ਤੋਂ ਇਨਸਾਫ ਦੀ ਮੰਗ ਕੀਤੀ
ਜੰਡਿਆਲਾ ਗੁਰੂ, 14 ਜੁਲਾਈ (ਪੰਜਾਬ ਮੇਲ)- ਸਥਾਨਕ ਜੋਤੀਸਰ ਕਲੋਨੀ ਵਿਚ ਕੈਨੇਡਾ ਰਹਿੰਦੇ ਐੱਨ.ਆਰ.ਆਈ. ਪੱਤਰਕਾਰ ਕੰਵਲਜੀਤ ਸਿੰਘ ਦਾ ਮਕਾਨ ਹੈ ਤੇ ਪਿਛਲੀ 11 ਮਹੀਨਿਆਂ ਤੋਂ ਮਕਾਨ ਮਾਲਕਾਂ ਦੇ ਕੈਨੇਡਾ ਰਹਿਣ ਕਾਰਨ ਮਕਾਨ ਬੰਦ ਪਿਆ ਹੈ। ਲੰਮੇ ਸਮੇਂ ਤੋਂ ਕੈਨੇਡਾ ‘ਚ ਰਹਿ ਰਹੇ ਪੱਤਰਕਾਰ ਨੂੰ 11 ਮਹੀਨੇ ਬਾਅਦ ਆਪਣੇ ਬੰਦ ਪਏ ਘਰ ਆਉਣ ‘ਤੇ 33500 ਦੇ ਬਿੱਲ ਦਾ ਭੁਗਤਾਨ ਕਰਨ ਦੇ ਆਦੇਸ਼ ਮਿਲੇ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਗੁਰਮੀਤ ਕੌਰ ਕੰਵਲ ਨੇ ਦੱਸਿਆ ਕਿ ਉਹ ਕੈਨੇਡਾ ਤੋਂ 11 ਮਹੀਨੇ ਬਾਅਦ ਆਪਣੇ ਪਰਿਵਾਰ ਵਿਚ ਇੱਕ ਨੌਜਵਾਨ ਦੀ ਮੌਤ ਹੋਣ ਜਾਣ ਕਾਰਨ ਕੈਨੇਡਾ ਤੋਂ ਵਾਪਸ ਆਏ, ਤਾਂ ਉਨ੍ਹਾਂ ਦੇ ਘਰ ਦੇ ਬਿਜਲੀ ਦਾ ਬਿੱਲ ਜਿਸ ਦਾ ਖਾਤਾ ਨੰਬਰ 3005465357 ਹੈ, ਦੇ 33,500 ਰੁਪਏ ਭੁਗਤਾਨ ਕਰਨ ਦਾ ਆਦੇਸ਼ ਉਨ੍ਹਾਂ ਨੂੰ ਮਿਲਿਆ। ਉਨ੍ਹਾਂ ਦੱਸਿਆ ਉਹ ਪਹਿਲਾਂ ਵੀ ਜਦੋਂ ਕੈਨੇਡਾ ਵਿਚ ਸਨ, ਤਾਂ ਉਸ ਸਮੇਂ ਵੀ ਉਨ੍ਹਾਂ ਨਾਲ ਅਜਿਹਾ ਹੀ ਕਾਰਾ ਹੋ ਚੁੱਕਾ ਹੈ, ਜਿਸ ਦੀ ਸ਼ਿਕਾਇਤ ਵੀ ਬਿਜਲੀ ਵਿਭਾਗ ਦੇ ਰਿਕਾਰਡ ਵਿਚ ਦਰਜ ਹੈ। ਪੀੜਤ ਪਤੀ ਪਤਨੀ ਨੇ ਉਨ੍ਹਾਂ ਦੇ ਬੰਦ ਪਏ ਘਰ ਦੇ ਬਿੱਲ ਦੀ ਜਾਂਚ ਪੜਤਾਲ ਕਰਵਾ ਕੇ ਇਨਸਾਫ ਦਿਵਾਏ ਜਾਣ ਦੀ ਮੰਗ ਕੀਤੀ ਹੈ।
ਇਸ ਸਬੰਧੀ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਉਪ ਮੰਡਲ ਜੰਡਿਆਲਾ ਗੁਰੂ ਦੇ ਐੱਸ.ਡੀ.ਓ. ਸੁਖਜੀਤ ਸਿੰਘ ਨੇ ਦੱਸਿਆ ਇਸ ਸਬੰਧੀ ਉਨ੍ਹਾਂ ਨੂੰ ਵਟਸਐਪ ‘ਤੇ ਮੈਸੇਜ ਮਿਲਿਆ ਹੈ ਅਤੇ ਇਸ ਬਿੱਲ ਦੀ ਜਾਂਚ ਪੜਤਾਲ ਕਰਵਾਈ ਜਾ ਰਹੀ ਹੈ ਅਤੇ ਜੇ ਇਸ ਬਿੱਲ ਦੀ ਰੀਡਿੰਗ ਗਲਤ ਹੋਈ ਜਾਂ ਬਿੱਲ ਗਲਤ ਬਣਿਆ ਹੋਇਆ, ਤਾਂ ਉਹ ਦਰੁੱਸਤ ਕੀਤਾ ਜਾਵੇਗਾ ਅਤੇ ਜੇ ਇਹ ਸਭ ਠੀਕ ਹੋਇਆ ਤਾਂ ਖਪਤਕਾਰ ਨੂੰ ਇਸ ਬਿੱਲ ਦਾ ਭੁਗਤਾਨ ਕਰਨਾ ਪਵੇਗਾ।