#PUNJAB

ਐੱਨ.ਆਰ.ਆਈ. ਦੇ ਘਰ ਦੇ ਬਾਹਰ ਫਾਇਰਿੰਗ

ਜਲੰਧਰ, 9 ਸਤੰਬਰ (ਪੰਜਾਬ ਮੇਲ)- ਪਿੰਡ ਕਾਹਲਵਾਂ ‘ਚ ਦੇਰ ਰਾਤ ਤਿੰਨ ਅਣਪਛਾਤੇ ਨੌਜਵਾਨਾਂ ਨੇ ਐੱਨ.ਆਰ.ਆਈ. ਦੇ ਘਰ ਬਾਹਰ ਗੋਲੀਆਂ ਚਲਾਈਆਂ। ਫਾਇਰਿੰਗ ਸਮੇਂ ਘਰ ‘ਚ ਸਿਰਫ਼ ਬਜ਼ੁਰਗ ਮੌਜੂਦ ਸੀ, ਜਿਸ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ। ਮੌਕੇ ‘ਤੇ ਪਹੁੰਚੀ ਪੁਲਿਸ ਨੇ ਘਟਨਾ ਵਾਲੀ ਥਾਂ ਦਾ ਜਾਇਜ਼ਾ ਲਿਆ ਅਤੇ ਨੇੜੇ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਜਾਂਚ ਕੀਤੀ। ਫੁਟੇਜ ‘ਚ ਸਾਫ਼ ਦਿਖਾਈ ਦੇ ਰਿਹਾ ਸੀ ਕਿ ਤਿੰਨ ਨੌਜਵਾਨ ਐਕਟਿਵਾ ‘ਤੇ ਆਏ ਅਤੇ ਉਨ੍ਹਾਂ ਨੇ ਘਰ ਦੇ ਬਾਹਰ ਫਾਇਰਿੰਗ ਕੀਤੀ ਅਤੇ ਭੱਜ ਗਏ। ਜਾਣਕਾਰੀ ਅਨੁਸਾਰ ਜਿਸ ਘਰ ਦੇ ਬਾਹਰ ਫਾਇਰਿੰਗ ਕੀਤੀ ਗਈ ਸੀ, ਉਸ ਦੇ ਜ਼ਿਆਦਾਤਰ ਮੈਂਬਰ ਵਿਦੇਸ਼ ‘ਚ ਰਹਿੰਦੇ ਹਨ। ਦੱਸਿਆ ਜਾ ਰਿਹਾ ਹੈ ਕਿ ਹਾਲ ਹੀ ‘ਚ ਪਰਿਵਾਰ ਨੂੰ ਧਮਕੀ ਭਰੇ ਫੋਨ ਆਏ ਸਨ ਪਰ ਪੁਲਿਸ ਨੇ ਇਸ ਦੀ ਪੁਸ਼ਟੀ ਨਹੀਂ ਕੀਤੀ ਹੈ। ਪੁਲਿਸ ਦਾ ਦਾਅਵਾ ਹੈ ਕਿ ਪੀੜਤ ਪਰਿਵਾਰ ਨੂੰ ਕਿਸੇ ‘ਤੇ ਸ਼ੱਕ ਨਹੀਂ ਹੈ। ਬਜ਼ੁਰਗ ਵਿਅਕਤੀ ਦੀ ਸ਼ਿਕਾਇਤ ‘ਤੇ ਅਣਪਛਾਤੇ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ। ਸੀ.ਸੀ.ਟੀ.ਵੀ. ਫੁਟੇਜ ਦੀ ਮਦਦ ਨਾਲ ਮੁਲਜ਼ਮਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਮੁੱਢਲੀ ਜਾਂਚ ‘ਚ ਇਹ ਵੀ ਸਾਹਮਣੇ ਆਇਆ ਹੈ ਕਿ ਇਸ ਘਟਨਾ ਪਿੱਛੇ ਵਿਦੇਸ਼ਾਂ ‘ਚ ਬੈਠੇ ਗੈਂਗਸਟਰ ਹੋ ਸਕਦੇ ਹਨ, ਜੋ ਸਥਾਨਕ ਨੌਜਵਾਨਾਂ ਨੂੰ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦੇਣ ਲਈ ਉਕਸਾ ਰਹੇ ਹਨ।