ਮੋਗਾ, 12 ਅਕਤੂਬਰ (ਪੰਜਾਬ ਮੇਲ)- ਕੌਮੀ ਜਾਂਚ ਏਜੰਸੀ (ਐੱਨ.ਆਈ.ਏ.) ਨੇ ਬੁੱਧਵਾਰ ਨੂੰ ਖਾਲਿਸਤਾਨ ਪੱਖੀ ਲਖਬੀਰ ਸਿੰਘ ਉਰਫ ਰੋਡੇ ਦੀ ਜ਼ਮੀਨ ਜ਼ਬਤ ਕਰਨ ਦਾ ਨੋਟਿਸ ਲਗਾ ਦਿੱਤਾ ਹੈ। ਹਾਲਾਂਕਿ ਕੇਂਦਰੀ ਏਜੰਸੀ ਦੀ ਇਸ ਕਾਰਵਾਈ ਦਾ ਕੁਝ ਨਿਹੰਗ ਸਿੰਘਾਂ ਨੇ ਵਿਰੋਧ ਕੀਤਾ, ਜਿਸ ਕਾਰਨ ਸਥਿਤੀ ਤਣਾਅਪੂਰਨ ਬਣ ਗਈ। ਅਧਿਕਾਰੀਆਂ ਮੁਤਾਬਕ ਐੱਨ. ਆਈ. ਏ. ਨੇ ਇਹ ਕਾਰਵਾਈ ਵਿਸ਼ੇਸ਼ ਅਦਾਲਤ ਦੇ ਹੁਕਮਾਂ ‘ਤੇ ਕੀਤੀ ਹੈ। ਲਖਬੀਰ ਸਿੰਘ ਰੋਡੇ ਲੰਮੇ ਸਮੇਂ ਤੋਂ ਰੂਪੋਸ਼ ਹੈ ਅਤੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦਾ ਭਤੀਜਾ ਹੈ।
ਵੇਰਵਿਆਂ ਮੁਤਾਬਕ ਐੱਨ. ਆਈ. ਏ. ਨੇ ਮੋਹਾਲੀ ਦੀ ਵਿਸ਼ੇਸ਼ ਅਦਾਲਤ ਦੇ 5 ਅਕਤੂਬਰ ਦੇ ਹੁਕਮਾਂ ‘ਤੇ ਕਾਰਵਾਈ ਕਰਦਿਆਂ ਲਖਬੀਰ ਸਿੰਘ ਰੋਡੇ ਦੀ ਮੋਗਾ ਜ਼ਿਲ੍ਹੇ ਵਿਚ ਦੇ ਪਿੰਡ ਕੋਠੇ ਗੁਰਪੂਰਾ (ਰੋਡੇ) ਵਿਚ ਪੈਂਦੀ ਤਕਰੀਬਨ 11 ਕਨਾਲ ਜ਼ਮੀਨ ਵਿਚ ਇਹ ਨੋਟਿਸ ਲਾਇਆ ਹੈ। ਅਧਿਕਾਰੀਆਂ ਮੁਤਾਬਕ ਐੱਨ. ਆਈ. ਏ. ਅਦਾਲਤ ਨੇ ਗ਼ੈਰਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ (ਯੂ. ਏ. ਪੀ. ਏ.) ਦੀ ਧਾਰਾ 33 (5) ਤਹਿਤ ਜ਼ਮੀਨ ਜ਼ਬਤ ਕਰਨ ਦਾ ਹੁਕਮ ਦਿੱਤਾ ਹੈ। ਜ਼ਮੀਨ ਜ਼ਬਤ ਕਰਨ ਦੀ ਕਾਰਵਾਈ ਮੌਕੇ ਪੰਜਾਬ ਪੁਲਿਸ ਦੀ ਟੀਮ ਵੀ ਮੌਜੂਦ ਸੀ।
ਇਸ ਦੌਰਾਨ ਕੁਝ ਨਿਹੰਗ ਸਿੰਘ ਮੌਕੇ ‘ਤੇ ਪੁੱਜ ਗਏ ਅਤੇ ਸਥਿਤੀ ਤਣਾਅਪੂਰਨ ਬਣ ਗਈ। ਏਜੰਸੀ ਅਧਿਕਾਰੀਆਂ ਮੁਤਾਬਕ, ਲਖਬੀਰ ਸਿੰਘ ਦਾ ਸਬੰਧ ਪਾਬੰਦੀਸ਼ੁਦਾ ਸੰਗਠਨ ਖਾਲਿਸਤਾਨ ਲਿਬਰੇਸ਼ਨ ਫਰੰਟ ਨਾਲ ਹੈ ਅਤੇ ਸ਼ੱਕ ਹੈ ਕਿ ਉਹ ਪਾਕਿਸਤਾਨ ਵਿਚ ਛੁਪ ਕੇ ਦਹਿਸ਼ਤਗਰਦੀ ਕਾਰਵਾਈਆਂ ਕਰ ਰਿਹਾ ਹੈ। ਐੱਨ. ਆਈ. ਏ. ਵੱਲੋਂ ਲਖਬੀਰ ਸਿੰਘ ਰੋਡੇ ਖ਼ਿਲਾਫ਼ ਪਹਿਲੀ ਅਕਤੂਬਰ 2021 ਨੂੰ ਯੂ. ਏ. ਪੀ. ਏ. ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਸੀ। ਇਹ ਕੇਸ ਵਿਸ਼ੇਸ਼ ਅਦਾਲਤ ਵਿਚ ਵਿਚਾਰ ਅਧੀਨ ਹੈ।