ਚੰਡੀਗੜ੍ਹ, 23 ਸਤੰਬਰ (ਪੰਜਾਬ ਮੇਲ)- ਕੌਮੀ ਜਾਂਚ ਏਜੰਸੀ (ਐੱਨ.ਆਈ.ਏ.) ਨੇ ਅੱਜ ਇਥੋਂ ਦੇ ਸੈਕਟਰ 15 ਸਥਿਤ ਸਿੱਖ ਫਾਰ ਜਸਟਿਸ (ਐੱਸ.ਐੱਫ.ਜੇ.) ਦੇ ਸੰਸਥਾਪਕ ਗੁਰਪਤਵੰਤ ਸਿੰਘ ਪੰਨੂ ਨਾਲ ਸਬੰਧਤ ਘਰ ਨੂੰ ਜ਼ਬਤ ਕਰ ਲਿਆ। ਉਸ ਦੇ ਘਰ ਦੇ ਬਾਹਰ ਜਾਇਦਾਦ ਜ਼ਬਤ ਕਰਨ ਦਾ ਨੋਟਿਸ ਲਗਾ ਦਿੱਤਾ ਹੈ। ਪੰਨੂ ਐੱਨ.ਆਈ.ਏ. ਦੇ ਕੇਸ ਵਿਚ ਭਗੌੜਾ ਹੈ। ਐੱਨ.ਆਈ.ਏ. ਦੇ ਅਧਿਕਾਰੀਆਂ ਨੇ ਜ਼ਬਤ ਕਰਨ ਦੀ ਕਾਰਵਾਈ ਨੂੰ ਅੰਜਾਮ ਦੇਣ ਲਈ ਸਵੇਰੇ ਪੰਨੂ ਦੇ ਘਰ ਪੁੱਜੇ ਤੇ ਕਰੀਬ ਤਿੰਨ ਘੰਟੇ ਉਥੇ ਰਹੇ। ਇਸ ਦੌਰਾਨ ਏਜੰਸੀ ਨੇ ਪੰਨੂ ਦੀ ਅੰਮ੍ਰਿਤਸਰ ਜ਼ਿਲ੍ਹੇ ਦੇ ਬਾਹਰਵਾਰ ਸਥਿਤ ਜੱਦੀ ਪਿੰਡ ਖਾਨਕੋਟ ਵਿਚਲੀ 46 ਕਨਾਲ ਜ਼ਮੀਨ ਵੀ ਜ਼ਬਤ ਕੀਤੀ ਹੈ।