ਵਾਸ਼ਿੰਗਟਨ, 1 ਅਕਤੂਬਰ (ਪੰਜਾਬ ਮੇਲ)- ਅਮਰੀਕਾ ਦੇ ਵਣਜ ਮੰਤਰੀ ਹਾਵਰਡ ਲੁਟਨਿਕ ਨੇ ਕਿਹਾ ਹੈ ਕਿ ਫਰਵਰੀ 2026 ‘ਚ ਐੱਚ-1ਬੀ ਵੀਜ਼ਾ ਮਾਮਲੇ ‘ਚ ਇਕ ਲੱਖ ਡਾਲਰ ਦੀ ਨਵੀਂ ਫੀਸ ਲਾਗੂ ਹੋਣ ਤੋਂ ਪਹਿਲਾਂ ਵੀਜ਼ਾ ਪ੍ਰਕਿਰਿਆ ‘ਚ ਕਾਫੀ ਬਦਲਾਅ ਹੋਣਗੇ। ਉਨ੍ਹਾਂ ‘ਸਸਤੇ’ ਤਕਨੀਕੀ ਸਲਾਹਕਾਰਾਂ ਦੇ ਮੁਲਕ ‘ਚ ਆਉਣ ਅਤੇ ਪਰਿਵਾਰਾਂ ਨੂੰ ਨਾਲ ਲਿਆਉਣ ਦੇ ਵਿਚਾਰ ਨੂੰ ਗਲਤ ਠਹਿਰਾਇਆ। ਟਰੰਪ ਪ੍ਰਸ਼ਾਸਨ ਨੇ ਇਸ ਮਹੀਨੇ ਨਵੇਂ ਐੱਚ-1ਬੀ ਵਰਕ ਵੀਜ਼ੇ ਲਈ ਇਕ ਲੱਖ ਡਾਲਰ ਦੀ ਯਕਮੁਸ਼ਤ ਫੀਸ ਦਾ ਐਲਾਨ ਕੀਤਾ ਹੈ। ਇਸ ਹੁਕਮ ਦਾ ਅਸਰ ਆਰਜ਼ੀ ਵੀਜ਼ਿਆਂ ‘ਤੇ ਅਮਰੀਕਾ ‘ਚ ਕੰਮ ਕਰਨ ਦੇ ਇੱਛੁਕ ਭਾਰਤੀ ਮਾਹਿਰਾਂ ‘ਤੇ ਪੈਣ ਦੀ ਸੰਭਾਵਨਾ ਹੈ। ਲੁਟਨਿਕ ਨੇ ਇੰਟਰਵਿਊ ਦੌਰਾਨ ਕਿਹਾ ਕਿ ਐੱਚ-1ਬੀ ਵੀਜ਼ਾ ਪ੍ਰਕਿਰਿਆ ‘ਚ ਕਈ ਬਦਲਾਅ ਹੋਣਗੇ ਅਤੇ ਇਹ ਲਾਟਰੀ ਨਹੀਂ ਰਹੇਗੀ। ਉਨ੍ਹਾਂ ਸਵਾਲ ਕੀਤਾ ਕਿ ਹੁਨਰਮੰਦ ਕਾਮਿਆਂ ਨੂੰ ਮੁਲਕ ‘ਚ ਲਾਟਰੀ ਯੋਜਨਾ ਰਾਹੀਂ ਕਿਉਂ ਲਿਆਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ 1990 ‘ਚ ਬਣੀ ਐੱਚ-1ਬੀ ਪ੍ਰਕਿਰਿਆ ‘ਚ ਬਦਲਾਅ ਲਈ ਸਾਰਿਆਂ ਨੇ ਸਹਿਮਤੀ ਜਤਾਈ ਹੈ। ਲੁਟਨਿਕ ਨੇ ਕਿਹਾ ਕਿ ਐੱਚ-1ਬੀ ਲਾਟਰੀ ਪ੍ਰਣਾਲੀ ਨੂੰ ਸੁਧਾਰਨ ਦੀ ਲੋੜ ਹੈ ਅਤੇ ਅਮਰੀਕਾ ਨੂੰ ਸਿਰਫ਼ ਵੱਧ ਹੁਨਰਮੰਦ ਵਿਅਕਤੀਆਂ ਨੂੰ ਨੌਕਰੀਆਂ ਦੇਣੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਕਿ ਉੱਚ ਡਿਗਰੀ ਵਾਲੇ ਡਾਕਟਰਾਂ ਅਤੇ ਅਧਿਆਪਕਾਂ ਨੂੰ ਅਮਰੀਕਾ ‘ਚ ਆਉਣ ਦੀ ਇਜਾਜ਼ਤ ਮਿਲਣੀ ਚਾਹੀਦੀ ਹੈ ਪਰ ਜੇ ਕੰਪਨੀਆਂ ਇੰਜੀਨੀਅਰ ਨਿਯੁਕਤ ਕਰਨਾ ਚਾਹੁੰਦੀਆਂ ਹਨ, ਤਾਂ ਉਹ ਸਿਰਫ਼ ਵੱਧ ਤਨਖਾਹ ਵਾਲੇ ਲੋਕਾਂ ਨੂੰ ਹੀ ਨਿਯੁਕਤ ਕਰਨ।
ਐੱਚ-1ਬੀ ਵੀਜ਼ਾ ਮਾਮਲੇ ‘ਚ 1 ਲੱਖ ਡਾਲਰ ਦੀ ਫੀਸ ਲਾਗੂ ਹੋਣ ਤੋਂ ਪਹਿਲਾਂ ਵੀਜ਼ਾ ਪ੍ਰਕਿਰਿਆ ‘ਚ ਹੋਣਗੇ ਬਦਲਾਅ
