#AMERICA

ਐੱਚ-1ਬੀ ਵੀਜ਼ਾ ਪ੍ਰਣਾਲੀ ਨੂੰ ”ਇੱਕ ਮਾਫ਼ੀਆ” ਚਲਾ ਰਹੀ ਹੈ!; ਰੇਡੀਓ ਕਮੈਂਟੇਟਰ ਦੇ ਬਿਆਨ ਨੇ ਛੇੜੀ ਚਰਚਾ

ਵਾਸ਼ਿੰਗਟਨ ਡੀ.ਸੀ., 26 ਨਵੰਬਰ (ਪੰਜਾਬ ਮੇਲ)- ਐੱਚ-1ਬੀ ਵੀਜ਼ਾ ਨੂੰ ਲੈ ਕੇ ਵਿਵਾਦ ਲਗਾਤਾਰ ਵਧਦਾ ਜਾ ਰਿਹਾ ਹੈ। ਰੇਡੀਓ ਕਮੈਂਟੇਟਰ ਅਲੈਕਸ ਜੋਨਸ ਨੇ ਕਿਹਾ ਕਿ ਐੱਚ-1ਬੀ ਵੀਜ਼ਾ ਪ੍ਰਣਾਲੀ ਨੂੰ ”ਇੱਕ ਮਾਫ਼ੀਆ ਚਲਾ ਰਹੀ ਹੈ” ਅਤੇ ਦਾਅਵਾ ਕੀਤਾ ਕਿ ਪ੍ਰੋਗਰਾਮ ‘ਤੇ ਆਉਣ ਵਾਲੇ ਜ਼ਿਆਦਾਤਰ ਕਰਮਚਾਰੀ ਭਾਰਤ ਦੇ ਇੱਕ ਹੀ ਖੇਤਰ ਤੋਂ ਆਉਂਦੇ ਹਨ। ਰੇਡੀਓ ਟਿੱਪਣੀਕਾਰ ਨੇ ਇਹ ਗੱਲਾਂ ਸੰਯੁਕਤ ਰਾਜ ਅਮਰੀਕਾ ਵਿਚ ਵਿਦੇਸ਼ੀ ਕੰਮਕਾਜ ਵੀਜ਼ਿਆਂ ‘ਤੇ ਚੱਲ ਰਹੀ ਚਰਚਾ ਦੌਰਾਨ ਜਾਰੀ ਕੀਤੀ ਇੱਕ ਵੀਡੀਓ ਵਿਚ ਕਹੀਆਂ।
ਜੋਨਸ ਨੇ ਕਿਹਾ ਕਿ ਦਸ ਵਿਚੋਂ ਸੱਤ ਐੱਚ-1ਬੀ ਵੀਜ਼ੇ ਭਾਰਤ ਦੇ ਇੱਕ ਹੀ ਖੇਤਰ ਤੋਂ ਆਉਂਦੇ ਹਨ। ਉਨ੍ਹਾਂ ਨੇ ਕਿਹਾ ਕਿ ਉਹ ”ਭਾਰਤੀਆਂ ਨਾਲ ਨਫ਼ਰਤ ਨਹੀਂ ਕਰਦਾ” ਅਤੇ ਉਨ੍ਹਾਂ ਨੂੰ ਸਮਾਰਟ ਅਤੇ ਨਿਯਮਾਂ ਦੀ ਪਾਲਣਾ ਕਰਨ ਵਾਲੇ ਦੱਸਿਆ, ਪਰ ਉਨ੍ਹਾਂ ਨੇ ਅਮਰੀਕੀ ਕੰਮ ਵਾਲੀਆਂ ਥਾਵਾਂ ‘ਤੇ ਨਜ਼ਰ ਆਈ ਬਹੁਤ ਜ਼ਿਆਦਾ ਭਾਰਤੀ ਮੌਜੂਦਗੀ ਦਾ ਵਰਣਨ ਕੀਤਾ।
ਉਨ੍ਹਾਂ ਕਿਹਾ ਕਿ ਪਿਛਲੇ ਚਾਰ ਸਾਲਾਂ ਵਿਚ ਉਸ ਨੇ ”ਭਾਰਤੀਆਂ ਨੂੰ ਸਾਰੇ ਨੌਕਰੀ ਸੈਕਟਰਾਂ ‘ਤੇ ਕਬਜ਼ਾ ਕਰਦੇ” ਦੇਖਿਆ ਹੈ ਅਤੇ ਦਾਅਵਾ ਕੀਤਾ ਕਿ ਉਹ ਉਨ੍ਹਾਂ ਨੂੰ ”ਹਰ ਜਗ੍ਹਾ” ਵੇਖਦਾ ਹੈ, ਇੱਥੋਂ ਤੱਕ ਕਿ ਰੈਸਟੋਰੈਂਟਾਂ ਵਿਚ ਵੀ। ਜੋਨਸ ਨੇ ਕਿਹਾ ਕਿ ਉਸ ਦੇ ਵਿਸ਼ਵਾਸ ਅਨੁਸਾਰ ਹੁਣ ਭਾਰਤੀ ਦੇਸ਼ ਵਿਚ ਜ਼ਿਆਦਾਤਰ ਨੌਕਰੀਆਂ ਰੱਖਦੇ ਹਨ, ਇੱਥੋਂ ਤੱਕ ਕਿ ਬਹੁਤ ਸਾਰੇ ਰੈਸਟੋਰੈਂਟਾਂ ਵਿਚ ਗਾਹਕ ਵੀ ਭਾਰਤੀ ਹੁੰਦੇ ਹਨ।
ਜੋਨਸ ਨੇ ਆਪਣੀਆਂ ਟਿੱਪਣੀਆਂ ਵਿਚ ਵਾਰ-ਵਾਰ ਕਿਹਾ ਕਿ ਉਹ ”ਭਾਰਤੀਆਂ ਨਾਲ ਨਫ਼ਰਤ ਨਹੀਂ ਕਰਦਾ।” ਉਨ੍ਹਾਂ ਨੇ ਦਲੀਲ ਦਿੱਤੀ ਕਿ ”ਭਾਰਤੀਆਂ ਦੀ ਸੋਚ ਅਮਰੀਕੀ ਸੱਭਿਆਚਾਰ ਨਾਲ ਮੇਲ ਨਹੀਂ ਖਾਂਦੀ।” ਉਨ੍ਹਾਂ ਨੇ ਭਾਰਤ ਵਿਚ ਗੋਬਰ ਤਿਉਹਾਰ ਸਬੰਧੀ ਹਾਲੀਆ ਵਾਇਰਲ ਵੀਡੀਓ ਦਾ ਉਦਾਹਰਨ ਦਿੱਤਾ।
ਉਨ੍ਹਾਂ ਦੇ ਬਿਆਨ ਉਸ ਵੇਲੇ ਆਏ ਜਦੋਂ ਐੱਚ-1ਬੀ ਬਹਿਸ ਹੋਰ ਤੇਜ਼ ਹੋ ਗਈ, ਬਾਅਦ ਵਿਚ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਉਨ੍ਹਾਂ ਦੀ ਪ੍ਰਸ਼ਾਸਨਿਕ ਟੀਮ ਇਸ ਵੀਜ਼ਾ ਸ਼੍ਰੇਣੀ ‘ਤੇ ”ਬਹੁਤ ਸਖ਼ਤੀ ਨਾਲ ਕੰਮ ਨਹੀਂ ਕਰੇਗੀ,” ਕਿਉਂਕਿ ਸੰਯੁਕਤ ਰਾਜ ਨੂੰ ਕੁਝ ਹੁਨਰਮੰਦ ਵਿਦੇਸ਼ੀ ਕਰਮਚਾਰੀਆਂ ਦੀ ਲੋੜ ਹੈ। ਟਰੰਪ ਨੇ ਬੈਟਰੀ ਕਰਮਚਾਰੀਆਂ ਲਈ ਕੋਰੀਆ ਅਤੇ ਚਿਪ ਕਰਮਚਾਰੀਆਂ ਲਈ ਤਾਈਵਾਨ ਦਾ ਹਵਾਲਾ ਦਿੱਤਾ।
ਕਿਉਂਕਿ ਐੱਚ-1ਬੀ ਲਈ ਸਭ ਤੋਂ ਵੱਡਾ ਹਿੱਸਾ ਭਾਰਤ ਤੋਂ ਆਉਂਦਾ ਹੈ, ਇਸ ਲਈ ਵਿਰੋਧ ਭਾਰਤੀ ਕਰਮਚਾਰੀਆਂ ‘ਤੇ ਕੇਂਦ੍ਰਿਤ ਰਿਹਾ। ਜੋਨਸ ਨੇ ਕਿਹਾ ਕਿ ”ਭਾਰਤੀ ਭਾਰਤੀਆਂ ਨੂੰ ਨੌਕਰੀ ‘ਤੇ ਰੱਖਦੇ ਹਨ,” ਜੋ ਉਨ੍ਹਾਂ ਅਨੁਸਾਰ ਇਹੀ ਕਾਰਨ ਹੈ ਕਿ ਸਿਲਿਕਾਨ ਵੈਲੀ ਵਿਚ ਇੰਨੇ ਸਾਰੇ ਭਾਰਤੀ ਕਰਮਚਾਰੀ ਹਨ।
ਜੋਨਜ਼ ਨੇ ਇਹ ਵੀ ਦੋਸ਼ ਲਗਾਇਆ ਕਿ ਜਿਹੜਾ ਸਮੂਹ ਐੱਚ-1ਬੀ ਅੰਕੜਿਆ ‘ਤੇ ਹਾਵੀ ਹੈ, ਉਸਦੀ ਦਾਜ ਨਾਲ ਸਬੰਧਿਤ ਹਿੰਸਾ ਦੀ ਦਰ ”ਸਭ ਤੋਂ ਵੱਧ” ਹੈ।
ਟਿੱਪਣੀਕਾਰ ਨੇ ਆਪਣੇ ਦਾਅਵਿਆਂ ਨੂੰ ਸਮਰਥਨ ਦੇਣ ਲਈ ਕੋਈ ਡਾਟਾ ਨਹੀਂ ਦਿੱਤਾ, ਫਿਰ ਵੀ ਇਹ ਬਿਆਨ ਆਨਲਾਈਨ ਵਿਆਪਕ ਤੌਰ ‘ਤੇ ਫੈਲ ਗਿਆ ਕਿਉਂਕਿ ਸੰਯੁਕਤ ਰਾਜ ਵਿਚ ਕੰਮਕਾਜ ਵੀਜ਼ਿਆਂ ‘ਤੇ ਚਰਚਾ ਜਾਰੀ ਹੈ।