#AMERICA

ਐੱਚ-1ਬੀ ਵੀਜ਼ਾ ਧਾਰਕਾਂ ਨੂੰ ਵੀਜ਼ਾ ਇੰਟਰਵਿਊ ਲਈ ਭਾਰਤ ਜਾਣਾ ਪਵੇਗਾ ਵਾਪਸ

ਵਾਸ਼ਿੰਗਟਨ ਡੀ.ਸੀ., 13 ਅਗਸਤ (ਪੰਜਾਬ ਮੇਲ)- ਅਮਰੀਕੀ ਵੀਜ਼ਾ ਪ੍ਰੋਸੈਸਿੰਗ ਨਿਯਮਾਂ ‘ਚ ਬਦਲਾਅ ਕੀਤਾ ਗਿਆ ਹੈ। ਹੁਣ ਤਕਨੀਕੀ ਉਦਯੋਗ ਦੇ ਹਜ਼ਾਰਾਂ ਕਾਮੇ ਇਸ ਨਾਲ ਪ੍ਰਭਾਵਿਤ ਹੋਣਗੇ। ਹੁਣ ਜੇ ਕੋਈ ਭਾਰਤੀ ਅਮਰੀਕਾ ਰਹਿੰਦਿਆਂ ਐੱਚ-1ਬੀ ਵੀਜ਼ਾ ਅਪਲਾਈ ਕਰੇਗਾ, ਤਾਂ ਉਸ ਨੂੰ ਇੰਟਰਵਿਊ ਲਈ ਭਾਰਤ ਵਿਚ ਸਥਿਤ ਅਮਰੀਕਨ ਅੰਬੈਸੀ ‘ਚ ਜਾਣਾ ਪਵੇਗਾ। ਇਸ ਨਵੇਂ ਨਿਯਮ ਨਾਲ ਆਉਣ ਵਾਲੇ ਸਮੇਂ ਵਿਚ ਐੱਚ-1ਬੀ ਵੀਜ਼ਾ ਲੈਣਾ ਮੁਸ਼ਕਲ ਹੋ ਸਕਦਾ ਹੈ। ਕਿਉਂਕਿ ਕੋਵਿਡ-19 ਤੋਂ ਬਾਅਦ ਕਾਫੀ ਬੈਕਲਾਗ ਚੱਲ ਰਿਹਾ ਹੈ। ਇਸ ਸਥਿਤੀ ਵਿਚ ਅਰਜ਼ੀਕਾਰਾਂ ਨੂੰ ਇੰਟਰਵਿਊ ਵਿਚ ਦੇਰੀ ਹੋ ਸਕਦੀ ਹੈ, ਜਿਸ ਨਾਲ ਉਹ ਇਸ ਕੈਟਾਗਰੀ ਵਿਚ ਵੀਜ਼ਾ ਲੈਣ ਤੋਂ ਅਸਮਰੱਥ ਹੋ ਸਕਦੇ ਹਨ। ਐੱਚ-1ਬੀ ਵੀਜ਼ਾ ਤੋਂ ਇਲਾਵਾ ਐੱਲ-1 ਅਤੇ ਐੱਫ-1 ਵੀਜ਼ਾ ਲਈ ਵੀ ਹੁਣ ਬਿਨੈਕਾਰਾਂ ਨੂੰ ਨਿਰਧਾਰਿਤ ਕੇਂਦਰਾਂ ‘ਤੇ ਦਸਤਾਵੇਜ਼ ਜਮ੍ਹਾ ਕਰਨ ਦੀ ਬਜਾਏ ਅਮਰੀਕੀ ਦੂਤਵਾਸਾਂ ਜਾਂ ਕੌਂਸਲੇਟਾਂ ਵਿਚ ਵਿਅਕਤੀਗਤ ਤੌਰ ‘ਤੇ ਇੰਟਰਵਿਊ ‘ਚ ਹਾਜ਼ਰ ਹੋਣ ਦੀ ਲੋੜ ਹੋਵੇਗੀ।
ਜ਼ਿਕਰਯੋਗ ਹੈ ਕਿ ਅਮਰੀਕਾ ਵਿਚ ਭਾਰਤੀ ਵੱਡੀ ਗਿਣਤੀ ਵਿਚ ਐੱਚ-1ਬੀ ਵੀਜ਼ਾ ਲੈ ਕੇ ਇਥੇ ਪੱਕੇ ਹੋਏ ਹਨ। ਰਾਸ਼ਟਰਪਤੀ ਟਰੰਪ ਦਾ ਕਹਿਣਾ ਹੈ ਕਿ ਬਾਹਰੋਂ ਆਏ ਲੋਕਾਂ ਨੂੰ ਐੱਚ-1ਬੀ ਵੀਜ਼ਾ ਦੇਣ ਦੀ ਬਜਾਏ ਸਥਾਨਕ ਲੋਕਾਂ ਨੂੰ ਰੁਜ਼ਗਾਰ ਦੇਣਾ ਚਾਹੀਦਾ ਹੈ।
ਇਸੇ ਤਰ੍ਹਾਂ ਐੱਚ-1ਬੀ ਵੀਜ਼ਾ ਧਾਰਕਾਂ ਦੇ ਬੱਚਿਆਂ ‘ਤੇ ਇਮੀਗ੍ਰੇਸ਼ਨ ਦੀ ਨਵੀਂ ਗਾਜ ਡਿੱਗੀ ਹੈ। ਹੁਣ 21 ਸਾਲ ਤੋਂ ਵੱਧ ਦੇ ਬੱਚੇ ਇਥੇ ਨਹੀਂ ਰਹਿ ਸਕਦੇ, ਜਿਨ੍ਹਾਂ ਦੇ ਪਿਤਾ ਐੱਚ-1ਬੀ ਵੀਜ਼ਾ ‘ਤੇ ਉਨ੍ਹਾਂ ਨਾਲ ਅਮਰੀਕਾ ਆਏ ਹਨ।