ਸੈਕਰਾਮੈਂਟੋ, 21 ਨਵੰਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਝਗੜੇ ਤੋਂ ਬਾਅਦ 6 ਮਹੀਨੇ ਪਹਿਲਾਂ ਵਾਈਟ ਹਾਊਸ ਛੱਡ ਕੇ ਗਏ ਐਲਨ ਮਸਕ ਵਾਪਸ ਪਰਤ ਆਏ ਹਨ। ਬੀਤੇ ਦਿਨ ਟੈਸਲਾ ਤੇ ਸਪੇਸ ਐਕਸ ਦੇ ਸੀ.ਈ.ਓ. ਮਸਕ ਚੁੱਪ ਚੁਪੀਤੇ ਵਾਈਟ ਹਾਊਸ ਵਿਚ ਸਾਊਦੀ ਅਰਬ ਦੇ ਕਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਦੇ ਮਾਣ ਵਿਚ ਰੱਖੇ ਰਾਤ ਦੇ ਖਾਣੇ ਵਿਚ 140 ਦੇ ਕਰੀਬ ਹੋਰ ਮਹਿਮਾਨਾਂ ਨਾਲ ਸ਼ਾਮਲ ਹੋਏ, ਹਾਲਾਂਕਿ ਜਦੋਂ ਉਨ੍ਹਾਂ ਨੇ ਵ੍ਹਾਈਟ ਹਾਊਸ ਛੱਡਿਆ ਸੀ, ਤਾਂ ਉਸ ਸਮੇਂ ਕਾਫੀ ਗਰਮਾ-ਗਰਮੀ ਹੋਈ ਸੀ। ਜਿਸ ਤੋਂ ਬਾਅਦ ਟਰੰਪ ਨੇ ਉਸ ਨਾਲ ਸਿਝ ਲੈਣ ਤੱਕ ਦੀ ਚਿਤਾਵਨੀ ਦਿੱਤੀ ਸੀ। ਟਰੰਪ ਸਰਕਾਰ ਦੇ ਸਰਕਾਰੀ ਕੁਸ਼ਲਤਾ ਵਿਭਾਗ ਦੇ ਮੁਖੀ ਵਜੋਂ ਅਹੁਦਾ ਛੱਡਣ ਤੋਂ ਬਾਅਦ ਮਸਕ ਪਹਿਲੀ ਵਾਰ ਵਾਸ਼ਿੰਗਟਨ ਵਿਚ ਜਨਤਕ ਤੌਰ ‘ਤੇ ਨਜ਼ਰ ਆਏ। ਸਮਾਗਮ ਵਿਚ ਉਹ ਹੋਰ ਅਮੀਰ ਮਹਿਮਾਨਾਂ ਨਾਲ ਬੈਠੇ ਸਨ, ਜਿਨ੍ਹਾਂ ਵਿਚ ਐਪਲ ਸੀ.ਈ.ਓ. ਟਿਮ ਕੁੱਕ, ਡੈਲ ਸੀ.ਈ.ਓ. ਮਿਸ਼ੈਲ ਡੈਲ, ਗੋਲਫਰ ਬਰਾਇਸਨ ਡੀ ਚੈਂਬੂ, ਫੁੱਟਬਾਲ ਸਟਾਰ ਕ੍ਰਿਟੀਅਨ ਰੋਨਾਲਡੋ ਤੇ ਟਰੰਪ ਪਰਿਵਾਰ ਦੇ ਅਨੇਕਾਂ ਮੈਂਬਰ ਸ਼ਾਮਲ ਸਨ। ਅਜਿਹਾ ਲੱਗ ਰਿਹਾ ਸੀ ਕਿ ਜਿਵੇਂ ਉਹ ਪਿਛਲਾ ਸਾਰਾ ਕੁਝ ਭੁੱਲ ਗਏ ਹੋਣ ਤੇ ਰਾਸ਼ਟਰਪਤੀ ਨਾਲ ਉਨ੍ਹਾਂ ਦਾ ਕੋਈ ਵਿਵਾਦ ਨਹੀਂ ਰਿਹਾ। ਇਥੇ ਜ਼ਿਕਰਯੋਗ ਹੈ ਕਿ ਮਸਕ ਵੱਲੋਂ ਵ੍ਹਾਈਟ ਹਾਊਸ ਛੱਡ ਜਾਣ ਉਪਰੰਤ ਟਰੰਪ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਸੀ ਕਿ ਉਸ ਦਾ ਮਾੜਾ ਸਮਾਂ ਹੈ, ਇਹ ਉਸ ਦੀ ਵੱਡੀ ਮੂਰਖਤਾ ਹੈ ਪਰੰਤੂ ਮੈ ਮਸਕ ਨੂੰ ਪਸੰਦ ਕਰਦਾ ਹਾਂ। ਇਸ ਸਮਾਗਮ ਵਿਚ ਰਾਸ਼ਟਰਪਤੀ ਨੇ ਨਿਵੇਸ਼ ਦੀ ਗੱਲ ਕਰਦਿਆਂ ਸਾਊਦੀ ਅਰਬ ਨਾਲ ਪ੍ਰਮਾਣੂ ਊਰਜਾ ਭਾਈਵਾਲੀ ਪ੍ਰਤੀ ਵਚਨਬੱਧਤਾ ਪ੍ਰਗਟਾਈ।
ਐਲਨ ਮਸਕ ਪਿਛਲੀਆਂ ਗੱਲਾਂ ਭੁੱਲ ਕੇ ਚੁੱਪ ਚੁਪੀਤੇ ਵਾਈਟ ਹਾਊਸ ਪਰਤੇ

