#AMERICA

ਐਲਨ ਮਸਕ ਦਾ ਹੋ ਸਕਦੈ ਕਤਲ! ਮਸਕ ਦੇ ਪਿਤਾ ਨੇ ਖਦਸ਼ਾ ਕੀਤਾ ਜ਼ਾਹਿਰ

ਵਾਸ਼ਿੰਗਟਨ, 9 ਸਤੰਬਰ (ਪੰਜਾਬ ਮੇਲ)- ਦੁਨੀਆਂ ਦੇ ਸਭ ਤੋਂ ਅਮੀਰ ਵਿਅਕਤੀ ਅਤੇ ਸਪੇਸਐਕਸ ਦੇ ਮਾਲਕ ਐਲਨ ਮਸਕ ਦਾ ਕਤਲ ਹੋ ਸਕਦਾ ਹੈ। ਇਹ ਖਦਸ਼ਾ ਉਨ੍ਹਾਂ ਦੇ 77 ਸਾਲਾ ਸੇਵਾਮੁਕਤ ਇਲੈਕਟ੍ਰੋ-ਮਕੈਨੀਕਲ ਇੰਜੀਨੀਅਰ ਐਰੋਲ ਮਸਕ ਨੇ ਪ੍ਰਗਟਾਇਆ ਹੈ। ‘ਦਿ ਸਨ’ ਅਖ਼ਬਾਰ ਦੇ ਮੁਤਾਬਕ ਐਲਨ ਮਸਕ ਦੇ ਪਿਤਾ ਨੂੰ ਡਰ ਹੈ ਕਿ ਅਮਰੀਕੀ ਸਰਕਾਰ ਦੇ ਖ਼ਿਲਾਫ਼ ਜਾਣ ‘ਤੇ ਉਨ੍ਹਾਂ ਦੇ ਬੇਟੇ ਦਾ ਕਤਲ ਕੀਤਾ ਜਾ ਸਕਦਾ ਹੈ। ਉਹ ਆਪਣੇ ਪੁੱਤਰ ਦੀ ਸੁਰੱਖਿਆ ਨੂੰ ਲੈ ਕੇ ਬਹੁਤ ਚਿੰਤਤ ਹਨ।
ਦਰਅਸਲ, 52 ਸਾਲਾ ਐਲਨ ਮਸਕ ਇਸ ਸਮੇਂ ਕਈ ਕਾਨੂੰਨੀ ਮਾਮਲਿਆਂ ਵਿਚ ਉਲਝੇ ਹੋਏ ਹਨ। ਐਲਨ ਮਸਕ ਨੇ ਪਹਿਲਾਂ ਵੀ ਮਜ਼ਾਕੀਆ ਲਹਿਜੇ ਵਿਚ ਕਿਹਾ ਹੈ ਕਿ ਉਹ ਰਹੱਸਮਈ ਹਾਲਾਤ ਵਿਚ ਮਰ ਸਕਦੇ ਹਨ। ਪਿਤਾ ਐਰੋਲ ਨੇ ਕਿਹਾ ਕਿ ਕਾਨੂੰਨੀ ਕੇਸਾਂ ਦੀ ਵਧਦੀ ਗਿਣਤੀ ਅਤੇ ਨਕਾਰਾਤਮਕ ਪ੍ਰੈੱਸ ਰਿਪੋਰਟਾਂ ਦੇ ਹਮਲੇ ਨੇ ਚਿੰਤਾ ਵਧਾ ਦਿੱਤੀ ਹੈ।
ਐਰੋਲ ਮਸਕ ਨੂੰ ਪੁੱਛਿਆ ਗਿਆ ਕਿ ਕੀ ਉਨ੍ਹਾਂ ਨੂੰ ਡਰ ਹੈ ਕਿ ਸੂਡੋ-ਸਰਕਾਰ ਐਲਨ ਦਾ ਕਤਲ ਕਰਨ ਦੀ ਕੋਸ਼ਿਸ਼ ਕਰੇਗੀ। ਜਵਾਬ ਵਿਚ ਉਨ੍ਹਾਂ ਹਾਂ ਕਿਹਾ। ਉਨ੍ਹਾਂ ਵਲਾਦੀਮੀਰ ਪੁਤਿਨ ਪ੍ਰਤੀ ਆਪਣੇ ਰਵੱਈਏ ‘ਤੇ ਵੀ ਚਿੰਤਾ ਪ੍ਰਗਟਾਈ। ਰਿਪੋਰਟ ਦੇ ਅਨੁਸਾਰ ਸਰਕਾਰੀ ਵਕੀਲ ਟੈਸਲਾ ਦੁਆਰਾ ਟੈਕਸਾਸ ਵਿਚ ਮਸਕ ਦਾ ਮਹਿਲ ਬਣਾਉਣ ਲਈ ਕੰਪਨੀ ਦੇ ਫੰਡਾਂ ਦੀ ਕਥਿਤ ਵਰਤੋਂ ਦੀ ਵੀ ਜਾਂਚ ਕਰ ਰਹੇ ਹਨ। ਅਜਿਹੀਆਂ ਵੀ ਖ਼ਬਰਾਂ ਸਨ ਕਿ ਐਲਨ ਮਸਕ ਦੀ ਸਪੇਸ ਕੰਪਨੀ ਨੇ ਯੂਕਰੇਨ ਨੂੰ ਸਟਾਰਲਿੰਕ ਸੈਟੇਲਾਈਟ ਇੰਟਰਨੈੱਟ ਸੇਵਾ ਦੀ ਸਪਲਾਈ ਕੀਤੀ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਲਗਾਤਾਰ ਧਮਕੀਆਂ ਮਿਲਣੀਆਂ ਸ਼ੁਰੂ ਹੋ ਗਈਆਂ।

Leave a comment