#AMERICA

ਐਲਕ ਗਰੋਵ ਸਿਟੀ ਵਿਖੇ ਮਨਾਇਆ ਗਿਆ ਦੀਵਾਲੀ ਮੇਲਾ

ਸੈਕਰਾਮੈਂਟੋ, 15 ਅਕਤੂਬਰ (ਪੰਜਾਬ ਮੇਲ)- ਭਾਰਤ ਵਿਚ ਦੀਵਾਲੀ ਦਾ ਤਿਉਹਾਰ ਬੜੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਇਨ੍ਹਾਂ ਦਿਨਾਂ ਵਿਚ ਬਾਜ਼ਾਰਾਂ ਵਿਚ ਕਾਫੀ ਰੌਣਕਾਂ ਹੁੰਦੀਆਂ ਹਨ। ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਵਿਖੇ ਵੀ ਦੀਵਾਲੀ ਬੜੇ ਉਤਸ਼ਾਹ ਨਾਲ ਮਨਾਈ ਜਾਂਦੀ ਹੈ। ਵਿਦੇਸ਼ਾਂ ਵਿਚ ਰਹਿ ਕੇ ਭਾਰਤੀ ਇਸ ਤਿਉਹਾਰ ਤੋਂ ਤਕਰੀਬਨ ਟੁੱਟ ਜਿਹੇ ਜਾਂਦੇ ਹਨ। ਪਰ ਫਿਰ ਵੀ ਕੈਲੀਫੋਰਨੀਆ ਦੇ ਸ਼ਹਿਰ ਐਲਕ ਗਰੋਵ ਵਿਖੇ ਹਰ ਸਾਲ ਦੀਵਾਲੀ ਦਾ ਤਿਉਹਾਰ ਮਨਾਇਆ ਜਾਂਦਾ ਹੈ, ਜਿੱਥੇ ਹਰ ਵਰਗ ਦੇ ਲੋਕ ਪਹੁੰਚ ਕੇ ਖੁਸ਼ੀਆਂ ਮਨਾਉਂਦੇ ਹਨ। ਇਸ ਵਾਰ ਵੀ ਇਹ ਤਿਉਹਾਰ ਐਲਕ ਗਰੋਵ ਦੇ ਇਕ ਹਾਲ ਵਿਚ ਮਨਾਇਆ ਗਿਆ। ਇਸ ਸਮਾਗਮ ਦੇ ਮੁੱਖ ਪ੍ਰਬੰਧਕ ਭਾਵਿਨ ਪਾਰਿਖ ਨੇ ਸਮੂਹ ਆਏ ਹੋਏ ਸਰੋਤਿਆਂ ਨੂੰ ਜੀ ਆਇਆਂ ਨੂੰ ਕਿਹਾ ਅਤੇ ਦੀਵਾਲੀ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ। ਉਪਰੰਤ ਪੇਸ਼ ਹੋਇਆ ਰੰਗਾਰੰਗ ਪ੍ਰੋਗਰਾਮ, ਜਿਸ ਵਿਚ ਬਹੁਤ ਸਾਰੀਆਂ ਮਨੋਰੰਜਕ ਆਈਟਮਾਂ ਪੇਸ਼ ਕੀਤੀਆਂ ਗਈਆਂ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਅਸੈਂਬਲੀ ਮੈਂਬਰ ਸਟੈਫਨੀ ਵਿਨ, ਮੇਅਰ ਬੌਬੀ ਸਿੰਘ ਐਲਨ, ਕਾਉਂਟੀ ਸੁਪਰਵਾਈਜ਼ਰ ਪੈਟ ਹਿਊਮ, ਕੌਂਸਲ ਮੈਂਬਰ ਰਾਡ ਬਰਿਊਅਰ ਅਤੇ ਕੌਂਸਲ ਮੈਂਬਰ ਸਰਜੀਓ ਰੋਬਲਸ, ਸੈਕਰਾਮੈਂਟੋ ਸਿਟੀ ਕੌਂਸਲ ਮੈਂਬਰ ਲੀਸਾ ਕੈਪਲਿਨ ਅਤੇ ਇੰਟਰਫੇਥ ਕੌਂਸਲ ਦੇ ਡਾਇਰੈਕਟਰ ਗੁਰਜਤਿੰਦਰ ਸਿੰਘ ਰੰਧਾਵਾ ਵੀ ਹਾਜ਼ਰ ਸਨ।