#AMERICA

ਐਲਕ ਗਰੋਵ ਪਾਰਕ ਵਿਖੇ ਹੋਈਆਂ ‘ਤੀਆਂ ਤੀਜ ਦੀਆਂ’ ਕਾਮਯਾਬੀ ਨਾਲ ਸੰਪੰਨ

ਸੈਕਰਾਮੈਂਟੋ, 13 ਅਗਸਤ (ਪੰਜਾਬ ਮੇਲ)- ਇੰਟਰਨੈਸ਼ਨਲ ਪੰਜਾਬੀ ਕਲਚਰ ਅਕੈਡਮੀ ਵੱਲੋਂ ਐਲਕ ਗਰੋਵ ਪਾਰਕ ਵਿਖੇ ਆਪਣਾ 18ਵਾਂ ਸਾਲਾਨਾ ਤੀਆਂ ਦਾ ਮੇਲਾ ਕਾਮਯਾਬੀ ਨਾਲ ਕਰਵਾਇਆ ਗਿਆ। ਦਰੱਖਤਾਂ ਦੀ ਛਾਂ ਹੇਠ ਹੋਈਆਂ ਇਹ ਤੀਆਂ ਪੰਜਾਬ ਦੀ ਯਾਦ ਦਿਵਾਉਂਦੀਆਂ ਹਨ। ਅੱਤ ਦੀ ਗਰਮੀ ਹੋਣ ਦੇ ਬਾਵਜੂਦ ਭਾਰੀ ਗਿਣਤੀ ਵਿਚ ਔਰਤਾਂ ਤੇ ਬੱਚੀਆਂ ਨੇ ਇਨ੍ਹਾਂ ਤੀਆਂ ਵਿਚ ਸ਼ਿਰਕਤ ਕੀਤੀ। ਦੁਪਹਿਰ ਨੂੰ ਸ਼ੁਰੂ ਹੋਈਆਂ ਇਹ ਤੀਆਂ ਦੇਰ ਸ਼ਾਮ ਤੱਕ ਨਿਰੰਤਰ ਜਾਰੀ ਰਹੀਆਂ। ਇਸ ਦੌਰਾਨ 25 ਦੇ ਕਰੀਬ ਮਨੋਰੰਜਕ ਆਈਟਮਾਂ ਸਟੇਜ ਤੋਂ ਪੇਸ਼ ਕੀਤੀਆਂ ਗਈਆਂ। ਇਨ੍ਹਾਂ ਵਿਚ ਗਿੱਧਾ, ਭੰਗੜਾ, ਸੁਹਾਗ, ਬੋਲੀਆਂ, ਸਿੱਠਣੀਆਂ, ਗੀਤ-ਸੰਗੀਤ, ਡੀ.ਜੇ. ਆਦਿ ਸ਼ਾਮਲ ਸਨ। ਔਰਤਾਂ ਵੰਨ-ਸੁਵੰਨੀਆਂ ਪੌਸ਼ਾਕਾਂ ਪਾ ਕੇ ਆਪਣੇ ਇਸ ਤਿਉਹਾਰ ਵਿਚ ਪਹੁੰਚੀਆਂ।
ਸਟੇਜ ਨੂੰ ਬਹੁਤ ਸੁੰਦਰ ਢੰਗ ਨਾਲ ਪੁਰਾਤਨ ਵਸਤੂਆਂ ਨਾਲ ਸਜਾਇਆ ਗਿਆ ਸੀ। ਪੱਖੀਆਂ, ਝੂਮਰ, ਢੋਲ, ਢੋਲਕੀਆਂ, ਮੋਰ, ਫੁਲਕਾਰੀਆਂ, ਬਾਜ, ਛੱਜ, ਛੱਤਰੀਆਂ, ਮਧਾਣੀਆਂ, ਚਰਖੇ ਆਦਿ ਸਟੇਜ ਦੀ ਸ਼ੋਭਾ ਨੂੰ ਵਧਾ ਰਹੇ ਸਨ। ਇਨ੍ਹਾਂ ਪੁਰਾਤਨ ਵਸਤੂਆਂ ਨਾਲ ਬਹੁਤ ਸਾਰੀਆਂ ਔਰਤਾਂ ਨੇ ਆਪਣੀਆਂ ਫੋਟੋਆਂ ਵੀ ਖਿਚਵਾਈਆਂ ਅਤੇ ਵਿਰਸੇ ਨੂੰ ਯਾਦ ਕੀਤਾ। ਇਨ੍ਹਾਂ ਤੀਆਂ ਵਿਚ ਸਭ ਤੋਂ ਵੱਡੀ ਗੱਲ ਇਹ ਹੈ ਕਿ ਪ੍ਰਬੰਧਕਾਂ ਵੱਲੋਂ ਪੀਂਘਾਂ ਦਾ ਬੰਦੋਬਸਤ ਕੀਤਾ ਜਾਂਦਾ ਹੈ, ਜਿੱਥੇ ਔਰਤਾਂ ਪੀਂਘਾਂ ਝੂਟ ਕੇ ਆਪਣੇ ਚਾਅ, ਮਲਾਰ ਪੂਰੇ ਕਰਦੀਆਂ ਹਨ।
ਸਭ ਤੋਂ ਪਹਿਲਾਂ ਮੇਲੇ ਦੀ ਆਯੋਜਕ ਪਿੰਕੀ ਰੰਧਾਵਾ, ਪ੍ਰਨੀਤ ਗਿੱਲ ਨੇ ਸਮੂਹ ਆਏ ਹੋਏ ਕਲਾਕਾਰਾਂ ਅਤੇ ਦਰਸ਼ਕਾਂ ਦਾ ਸਵਾਗਤ ਕੀਤਾ। ਉਪਰੰਤ ਰੰਗਾਰੰਗ ਪ੍ਰੋਗਰਾਮ ਸ਼ੁਰੂ ਹੋਇਆ। ਪ੍ਰਬੰਧਕਾਂ ਵੱਲੋਂ ਹਰ ਕਲਾਕਾਰ ਨੂੰ ਸੱਭਿਆਚਾਰਕ ਇਨਾਮ ਦੇ ਕੇ ਨਿਵਾਜਿਆ ਗਿਆ। ਆਏ ਦਰਸ਼ਕਾਂ ਨੇ ਸਟੇਜ ‘ਤੇ ਹੋਏ ਮਨੋਰੰਜਕ ਪ੍ਰੋਗਰਾਮਾਂ ਦਾ ਭਰਪੂਰ ਆਨੰਦ ਮਾਣਿਆ।
ਇਸ ਮੇਲੇ ਨੂੰ ਲਖਵਿੰਦਰ ਕੌਰ ਨਿੱਕੀ (ਸੀਨੀਅਰ ਵਾਈਸ ਪ੍ਰੈਜ਼ੀਡੈਂਟ ਫਾਈਵ ਸਟਾਰ ਬੈਂਕ), ਗੁਰਜਤਿੰਦਰ ਸਿੰਘ ਰੰਧਾਵਾ ਰਿਐਲਟਰ, ਪੰਜਾਬ ਮੇਲ ਯੂ.ਐੱਸ.ਏ. ਟੀ.ਵੀ., ਗੁਲਿੰਦਰ ਅਤੇ ਪ੍ਰਨੀਤ ਗਿੱਲ, ਗੁਰਮੀਤ ਵੜੈਚ ਅਤੇ ਨੀਨਾ ਵੜੈਚ, ਰਣਧੀਰ ਸਿੰਘ ਧੀਰਾ ਨਿੱਜਰ, ਭੁਪਿੰਦਰ ਅਤੇ ਕੈਂਡੀ ਸੰਘੇੜਾ, ਪਰਮਿੰਦਰ ਸਿੰਘ ਅਤੇ ਕਮਲ ਅਟਵਾਲ, ਗੁਰਬੀਰ ਸਿੰਘ ਐਲਡੀ ਅਤੇ ਸੋਨੀਆ ਰੰਧਾਵਾ, ਜਸਬੀਰ ਸਿੰਘ ਅਤੇ ਰੋਜ਼ੀ ਸੰਧੂ, ਪਰਮ ਤੱਖਰ (ਯੂਬਾ ਸਿਟੀ ਤੀਆਂ) ਨੇ ਸਪਾਂਸਰ ਕੀਤਾ। ਸਟੇਜ ਦੀ ਡੈਕੋਰੇਸ਼ਨ ਜੌਨੀ ਬੱਗਾ (ਬੱਗਾ ਜਿਊਲਰਜ਼) ਵੱਲੋਂ ਕੀਤੀ ਗਈ। ਇਸ ਮੌਕੇ ਕੁੱਝ ਆਗੂਆਂ ਨੂੰ ਵੀ ਸਨਮਾਨਿਤ ਕੀਤਾ ਗਿਆ, ਜਿਨ੍ਹਾਂ ਵਿਚ ਸਟੇਟ ਸੈਨੇਟਰ ਐਂਜਲਿਕ ਐਸ਼ਬੀ, ਮੇਅਰ ਬੌਬੀ ਸਿੰਘ ਐਲਨ, ਵਾਈਸ ਮੇਅਰ ਰਾਡ ਬਰਿਊਰ, ਯੂ.ਐੱਸ. ਆਰਮੀ ‘ਚ ਸੇਵਾ ਨਿਭਾ ਰਹੀ ਕੈਪਟਨ ਕਮਲਪ੍ਰੀਤ ਕੌਰ ਗਿੱਲ, ਲਖਵਿੰਦਰ ਕੌਰ ਨਿੱਕੀ (ਸੀਨੀਅਰ ਵਾਈਸ ਪ੍ਰੈਜ਼ੀਡੈਂਟ ਫਾਈਵ ਸਟਾਰ ਬੈਂਕ), ਕਿਰਨ ਗਰੇਵਾਲ ਸ਼ਾਮਲ ਸਨ।
ਸਟੇਜ ਦੀ ਸੇਵਾ ਸੈਟੀ ਰਾਏ ਵੱਲੋਂ ਨਿਭਾਈ ਗਈ। ਇਸ ਮੌਕੇ ਮਹਿੰਦੀ ਅਤੇ ਖਾਣ-ਪੀਣ ਦੇ ਸਟਾਲ ਵੀ ਲਗਾਏ ਗਏ। ਕੁੱਲ ਮਿਲਾ ਕੇ ਇਹ ਤੀਆਂ ਦਾ ਮੇਲਾ ਕਾਮਯਾਬੀ ਨਾਲ ਹੋ ਸੰਪੰਨ ਹੋਇਆ।