#PUNJAB

‘ਐਮਰਜੈਂਸੀ’ ਖ਼ਿਲਾਫ਼ ਦਾਇਰ ਪਟੀਸ਼ਨ ਹਾਈ ਕੋਰਟ ਵੱਲੋਂ ਖਾਰਜ

ਚੰਡੀਗੜ੍ਹ, 3 ਸਤੰਬਰ (ਪੰਜਾਬ ਮੇਲ)- ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਚੀਫ ਜਸਟਿਸ ਸ਼ੀਲ ਨਾਗੂ ਤੇ ਜਸਟਿਸ ਅਨਿਲ ਕਸ਼ੇਤਰਪਾਲ ਦੇ ਬੈਂਚ ਨੇ ਅਦਾਕਾਰ ਤੋਂ ਸਿਆਸਤਦਾਨ ਬਣੀ ਕੰਗਨਾ ਰਣੌਤ ਦੀ ਨਿਰਦੇਸ਼ਕ ਵਜੋਂ ਪਹਿਲੀ ਫ਼ਿਲਮ ‘ਐਮਰਜੈਂਸੀ’ ਖਿਲਾਫ਼ ਦਾਇਰ ਪਟੀਸ਼ਨ ਖਾਰਜ ਕਰ ਦਿੱਤੀ ਹੈ। ਵਧੀਕ ਸੌਲੀਸਿਟਰ ਜਨਰਲ ਸੱਤਿਆ ਪਾਲ ਜੈਨ ਨੇ ਪਟੀਸ਼ਨਰਾਂ ਨੂੰ ਯਕੀਨ ਦਿਵਾਇਆ ਕਿ ਇਸ ਮਾਮਲੇ ਵਿਚ ਸਾਰੇ ਕਾਨੂੰਨੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕੀਤੀ ਜਾਵੇਗੀ।
ਪਟੀਸ਼ਨਰਾਂ ਵਿਚ ਸ਼ਾਮਲ ਗੁਰਿੰਦਰ ਸਿੰਘ ਨੇ ਦਾਅਵਾ ਕੀਤਾ ਸੀ ਕਿ ਫ਼ਿਲਮ ਵਿਚਲੇ ਕੁਝ ਦ੍ਰਿਸ਼ਾਂ ਨਾਲ ਸਿੱਖ ਭਾਵਨਾਵਾਂ ਨੂੰ ਠੇਸ ਪੁੱਜੇਗੀ। ਪਟੀਸ਼ਨਰਾਂ ਨੇ ਮੰਗ ਕੀਤੀ ਸੀ ਕਿ ਕੇਂਦਰ ਸਰਕਾਰ ਤੇ ਸੀ.ਬੀ.ਐੱਫ.ਸੀ. ਨੂੰ ਫ਼ਿਲਮ ਦਾ ਸਰਟੀਫਿਕੇਸ਼ਨ ਵਾਪਸ ਲੈਣ ਸਬੰਧੀ ਹਦਾਇਤਾਂ ਕੀਤੀਆਂ ਜਾਣ ਤੇ ‘ਵਿਵਾਦਿਤ’ ਦ੍ਰਿਸ਼ ਫਿਲਮ ‘ਚੋਂ ਹਟਾਉਣ ਲਈ ਕਿਹਾ ਜਾਵੇ। ਉਨ੍ਹਾਂ ਸਿੱਖ ਬੁੱਧੀਜੀਵੀਆਂ ਦੀ ਕਮੇਟੀ ਵੱਲੋਂ ਫ਼ਿਲਮ ‘ਤੇ ਨਜ਼ਰਸਾਨੀ ਕੀਤੇ ਜਾਣ ਦੀ ਮੰਗ ਵੀ ਕੀਤੀ ਸੀ।