#CANADA

ਐਬਸਫੋਰਡ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 420ਵੇਂ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਨਗਰ ਕੀਰਤਨ ਸਜਾਇਆ ਗਿਆ

ਸਰੀ, 13 ਸਤੰਬਰ (ਹਰਦਮ ਮਾਨ/ਪੰਜਾਬ ਮੇਲ)-ਬੀਤੇ ਐਤਵਾਰ ਗੁਰਦੁਆਰਾ ਕਲਗੀਧਰ ਦਰਬਾਰ ਐਬਸਫੋਰਡ
ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 420ਵੇਂ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ
ਮਹਾਨ ਨਗਰ ਕੀਰਤਨ ਸਜਾਇਆ ਗਿਆ ਜਿਸ ਵਿਚ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤ ਨੇ
ਸ਼ਮੂਲੀਅਤ ਕੀਤੀ। ਇਹ ਨਗਰ ਕੀਰਤਨ ਪੰਜ ਪਿਆਰਿਆਂ ਦੀ ਅਗਵਾਈ ਹੇਠ ਗੁਰਦੁਆਰਾ ਸਾਹਿਬ
ਤੋਂ ਸ਼ੁਰੂ ਹੋਇਆ। ਨਗਰ ਕੀਰਤਨ ਦੌਰਾਨ ਵੱਖ-ਵੱਖ ਸੋਸਾਇਟੀਆਂ ਅਤੇ ਸੰਸਥਾਵਾਂ ਵੱਲੋਂ
ਫਲੋਟ ਸਜਾਏ ਗਏ ਅਤੇ ਨਗਰ ਕੀਰਤਨ ਦੇ ਰਸਤੇ ਦੌਰਾਨ ਕਾਰੋਬਾਰੀ ਲੋਕਾਂ, ਸਭਾ ਸੁਸਾਇਟੀਆਂ
ਅਤੇ ਸੰਸਥਾਵਾਂ ਵੱਲੋਂ ਕਈ ਤਰ੍ਹਾਂ ਦੇ ਪਕਵਾਨ ਅਤੇ ਠੰਡੇ ਜਲ ਦੇ ਲੰਗਰ ਲਾਏ ਗਏ।
ਨਗਰ ਕੀਰਤਨ ਦੌਰਾਨ ਪ੍ਰਸਿੱਧ ਰਾਗੀ ਮੋਹਨ ਸਿੰਘ ਗੁਰਦਾਸਪੁਰ ਵਾਲੇ, ਰਾਗੀ ਬਲਦੇਵ ਸਿੰਘ
ਬੁਲੰਦਪੁਰ, ਰਾਗੀ ਸੁਰਿੰਦਰ ਪਾਲ ਸਿੰਘ ਹੁਸ਼ਿਆਰਪੁਰ, ਰਾਗੀ ਸੁਖਦੇਵ ਸਿੰਘ ਨਵਾਂ
ਸ਼ਹਿਰ, ਕਥਾਵਾਚਕ ਸਨਮੁਖ ਸਿੰਘ ਪਠਾਨਕੋਟ, ਢਾਡੀ ਭਾਈ ਸੁਰਜੀਤ ਸਿੰਘ ਵਾਰਸ ਅਤੇ ਭਾਈ
ਮੰਗਲ ਸਿੰਘ ਮਹਿਰਮ ਨੇ ਗੁਰਮਤ ਵਿਚਾਰਾਂ ਸਾਂਝੀਆਂ ਕੀਤੀਆਂ। ਐਬਸਫੋਰਡ ਦੀਆਂ ਤਿੰਨ
ਸਿੱਖ ਸੋਸਾਇਟੀਆਂ ਗੁਰਦੁਆਰਾ ਸਾਹਿਬ ਕਲਗੀਧਰ ਦਰਬਾਰ, ਗੁਰਦੁਆਰਾ ਸ਼ਹੀਦ ਬਾਬਾ ਬੰਦਾ
ਸਿੰਘ ਬਹਾਦਰ ਅਤੇ ਖਾਲਸਾ ਦੀਵਾਨ ਸੁਸਾਇਟੀ ਨੇ ਮਿਲ ਕੇ ਸੰਗਤਾਂ ਦੀ ਸੇਵਾ ਵਿੱਚ ਸਾਂਝੀ
ਭੂਮਿਕਾ ਨਿਭਾਈ।
ਨਗਰ ਕੀਰਤਨ ਵਿੱਚ ਸਿੱਖ ਮੋਟਰਸਾਈਕਲ, ਬੀਸੀ ਸਿੱਖ ਰਾਈਡਰਜ਼, ਅਕਾਲੀ ਦਲ ਅੰਮ੍ਰਿਤਸਰ,
ਸਤਿਕਾਰ ਕਮੇਟੀ ਬੀ.ਸੀ.,ਖਾਲਸਾ ਸਕੂਲ ਦੇ ਬੱਚਿਆਂ, ਸੇਵਾਦਾਰਾਂ ਤੇ ਦਸ਼ਮੇਸ਼ ਪੰਜਾਬੀ
ਸਕੂਲ ਸਮੇਤ ਵੱਖ-ਵੱਖ ਵਿਦਿਅਕ ਸੰਸਥਾਵਾਂ ਨੇ ਸ਼ਮੂਲੀਅਤ ਕੀਤੀ। ਸਿੱਖ ਬੱਚਿਆਂ ਤੇ
ਨੌਜਵਾਨਾਂ ਨੇ ਗਤਕੇ ਦੇ ਜੌਹਰ ਦਿਖਾਏ। ਗੁਰਦੁਆਰਾ ਸਾਹਿਬ ਦੇ ਪਾਰਕ ਵਿੱਚ ਵਿਸ਼ੇਸ਼
ਦੀਵਾਨ ਸਜਾਏ ਗਏ ਜਿੱਥੇ ਢਾਡੀ ਤੇ ਵਿਦਵਾਨਾਂ ਨੇ ਸੰਗਤਾਂ ਨਾਲ ਗੁਰ ਇਤਿਹਾਸ ਅਤੇ
ਅਜੋਕੇ ਸਮੇਂ ਵਿੱਚ ਸਿੱਖਾਂ ਦੀ ਸਥਿਤੀ ਬਾਰੇ ਵਿਚਾਰਾਂ ਕੀਤੀਆਂ। ਇਸ ਮੌਕੇ ਪ੍ਰਸਿੱਧ
ਪੱਤਰਕਾਰ ਜਸਪਾਲ ਸਿੰਘ ਸਿੱਧੂ ਅਤੇ ਪ੍ਰੋਫੈਸਰ ਬਾਵਾ ਸਿੰਘ ਨੇ ਵਿਸ਼ੇਸ਼ ਹਾਜ਼ਰੀ ਲਵਾਈ
ਅਤੇ ਦੋਹਾਂ ਵਿਦਵਾਨਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਆਸ਼ੇ ਮੁਤਾਬਕ ਸਿੱਖੀ ਜੀਵਨ ਜਾਚ
ਦੀਆਂ ਵਿਚਾਰਾਂ ਦੇ ਨਾਲ ਮੌਜੂਦਾ ਸਮੇਂ ਵਿੱਚ ਸਿੱਖਾਂ ਦੀ ਰਾਜਸੀ ਤੇ ਧਾਰਮਿਕ ਸਥਿਤੀ
ਉੱਪਰ ਗੱਲ ਕੀਤੀ ਅਤੇ ਵਿਦੇਸ਼ਾਂ ਵਿੱਚ ਸਿੱਖਾਂ ਦੀ ਚੜ੍ਹਦੀ ਕਲਾ ਤੇ ਅਗਵਾਈ ਬਾਰੇ
ਗੰਭੀਰ ਚਰਚਾ ਛੇੜੀ।