#CANADA

ਐਬਟਸਫੋਰਡ ‘ਚ ਪਤਨੀ ਦੀ ਹੱਤਿਆ ਦੇ ਦੋਸ਼ ਹੇਠ ਪੰਜਾਬੀ ਨੂੰ ਉਮਰ ਕੈਦ

-13 ਸਾਲ ਤੱਕ ਨਹੀਂ ਮਿਲੇਗੀ ਪੈਰੋਲ; ਜੱਜ ਨੇ ਕੀਤੀਆਂ ਤਿੱਖੀਆਂ ਟਿੱਪਣੀਆਂ
ਵੈਨਕੂਵਰ, 5 ਜੁਲਾਈ (ਪੰਜਾਬ ਮੇਲ)- ਪੰਜਾਬੀਆਂ ਦੀ ਵੱਡੀ ਵੱਸੋਂ ਵਾਲੇ ਸ਼ਹਿਰ ਐਬਟਸਫੋਰਡ ਵਿਚ ਦੋ ਸਾਲ ਪਹਿਲਾਂ ਆਪਣੀ ਪਤਨੀ ਦੀ ਹੱਤਿਆ ਕਰਨ ਵਾਲੇ ਇਕ ਪੰਜਾਬੀ ਵਿਅਕਤੀ ਨੂੰ ਕੈਨੇਡਾ ਦੀ ਸੁਪਰੀਮ ਕੋਰਟ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਦੋਸ਼ੀ ਨੂੰ 13 ਸਾਲ ਤੱਕ ਪੈਰੋਲ ਵੀ ਨਹੀਂ ਮਿਲ ਸਕੇਗੀ। ਕਤਲ ਦੀ ਇਹ ਮੰਦਭਾਗੀ ਘਟਨਾ ਦੋ ਸਾਲ ਪਹਿਲਾਂ 28 ਜੁਲਾਈ ਨੂੰ ਵਾਪਰੀ ਸੀ। ਪੁਲਿਸ ਜਦੋਂ ਮੌਕੇ ‘ਤੇ ਪਹੁੰਚੀ, ਤਾਂ ਘਰ ਵਿਚ ਦੋ ਬੱਚਿਆਂ ਦੀ ਮਾਂ ਕਮਲਜੀਤ ਕੌਰ ਸੰਧੂ (45) ਤੜਪ ਰਹੀ ਸੀ। ਉਸ ਦੇ ਸਿਰ ਅਤੇ ਗਰਦਨ ‘ਤੇ ਕੁਹਾੜੀ ਦੇ ਕਈ ਡੂੰਘੇ ਜ਼ਖ਼ਮ ਸਨ ਅਤੇ ਉਹ ਲਹੂ-ਲੁਹਾਣ ਹੋਈ ਪਈ ਸੀ। ਉਸ ਦੇ ਪਤੀ ਇੰਦਰਜੀਤ ਸਿੰਘ ਸੰਧੂ (50) ਨੂੰ ਕਿਰਾਏਦਾਰਾਂ ਨੇ ਫੜਿਆ ਹੋਇਆ ਸੀ। ਪੁਲਿਸ ਨੇ ਉਸ ਨੂੰ ਹਿਰਾਸਤ ਵਿਚ ਲਿਆ ਤੇ ਹਮਲੇ ਵਿਚ ਵਰਤੀ ਗਈ ਕੁਹਾੜੀ ਵੀ ਕਬਜ਼ੇ ਵਿਚ ਲੈ ਲਈ।
ਬੀ.ਸੀ. ਸੁਪਰੀਮ ਕੋਰਟ ਵਿਚ ਮਾਮਲੇ ਦੀ ਸੁਣਵਾਈ ਦੌਰਾਨ ਢਾਈ ਕੁ ਮਹੀਨੇ ਪਹਿਲਾਂ ਦੋਸ਼ੀ ਨੇ ਜਸਟਿਸ ਦੇਵ ਡੇਲ ਮੂਹਰੇ ਆਪਣਾ ਗੁਨਾਹ ਕਬੂਲ ਕਰ ਲਿਆ ਸੀ। ਮਾਣਯੋਗ ਜੱਜ ਨੇ ਇਸ ਸਬੰਧੀ ਫੈਸਲਾ ਸੁਣਾਉਂਦਿਆਂ ਇੰਦਰਜੀਤ ਸਿੰਘ ਸੰਧੂ ਨੂੰ ਦੋਸ਼ੀ ਕਰਾਰ ਦਿੱਤਾ ਤੇ ਉਮਰ ਕੈਦ ਦੀ ਸਜ਼ਾ ਸੁਣਾਈ। ਜੱਜ ਨੇ ਤਿੱਖੀਆਂ ਟਿੱਪਣੀਆਂ ਕਰਦਿਆਂ ਉਸ ਨੂੰ ਬੁੱਚੜ ਤੇ ਬੇਰਹਿਮ ਪਤੀ ਅਤੇ ਹਿੰਸਕ ਵਿਅਕਤੀ ਕਰਾਰ ਦਿੰਦੇ ਹੋਏ ਕਿਹਾ ਕਿ ਉਹ ਕਿਸੇ ਲਿਹਾਜ਼ ਦਾ ਹੱਕਦਾਰ ਨਹੀਂ ਹੈ।