#AMERICA

ਐਪਸਟਾਈਨ ਦੀ ਜੇਲ੍ਹ ‘ਚ ਹੋਈ ਰਹੱਸਮਈ ਮੌਤ ਖੁਦਕੁਸ਼ੀ ਨਹੀਂ, ਕਤਲ ਸੀ : ਮਾਹਿਰ ਡਾਕਟਰਾਂ ਦੇ ਦਾਅਵੇ ਨੇ ਮਚਾਈ ਸਨਸਨੀ

ਵਾਸ਼ਿੰਗਟਨ, 14 ਫਰਵਰੀ (ਪੰਜਾਬ ਮੇਲ)- ਦੁਨੀਆਂ ਭਰ ਵਿਚ ਚਰਚਾ ਦਾ ਵਿਸ਼ਾ ਬਣੇ ਹੋਏ ਅਮਰੀਕੀ ਅਪਰਾਧੀ ਜੈਫਰੀ ਐਪਸਟਾਈਨ ਦੀ ਜੇਲ੍ਹ ‘ਚ ਹੋਈ ਰਹੱਸਮਈ ‘ਮੌਤ’ ਨੂੰ ਲੈ ਕੇ ਇੱਕ ਵਾਰ ਫਿਰ ਵੱਡਾ ਧਮਾਕਾ ਹੋਇਆ ਹੈ। ਇੱਕ ਮਾਹਿਰ ਡਾਕਟਰ ਨੇ ਦਾਅਵਾ ਕੀਤਾ ਹੈ ਕਿ ਐਪਸਟਾਈਨ ਦੀ ਮੌਤ ਫਾਹਾ ਲੈਣ ਕਾਰਨ ਨਹੀਂ ਹੋਈ, ਸਗੋਂ ਉਸ ਦਾ ਗਲਾ ਘੁੱਟ ਕੇ ਕਤਲ ਕੀਤਾ ਗਿਆ ਹੈ। ਪੋਸਟਮਾਰਟਮ ਦੀ ਜਾਂਚ ਕਰਨ ਵਾਲੇ ਡਾਕਟਰ ਅਨੁਸਾਰ, ਐਪਸਟਾਈਨ ਦੇ ਗਲੇ ਦੀ ‘ਹਾਇਓਡ’ ਹੱਡੀ ਸਮੇਤ ਤਿੰਨ ਥਾਵਾਂ ਤੋਂ ਹੱਡੀਆਂ ਟੁੱਟੀਆਂ ਹੋਈਆਂ ਸਨ। ਮਾਹਰਾਂ ਮੁਤਾਬਕ ਅਜਿਹਾ ਅਕਸਰ ਗਲਾ ਘੁੱਟਣ ਵੇਲੇ ਹੁੰਦਾ ਹੈ, ਨਾ ਕਿ ਫਾਂਸੀ ਲਗਾਉਣ ਵੇਲੇ।
ਜ਼ਿਕਰਯੋਗ ਹੈ ਕਿ ਸਾਲ 2019 ਵਿਚ ਨਿਊਯਾਰਕ ਦੀ ਜੇਲ੍ਹ ਵਿਚ ਹੋਈ ਐਪਸਟਾਈਨ ਦੀ ਮੌਤ ਨੂੰ ਅਧਿਕਾਰਤ ਤੌਰ ‘ਤੇ ਖੁਦਕੁਸ਼ੀ ਕਰਾਰ ਦਿੱਤਾ ਗਿਆ ਸੀ। ਪਰ ਇਸ ਨਵੇਂ ਖੁਲਾਸੇ ਨੇ ਜਾਂਚ ਏਜੰਸੀਆਂ ਅਤੇ ਜੇਲ੍ਹ ਪ੍ਰਸ਼ਾਸਨ ਦੇ ਦਾਅਵਿਆਂ ਨੂੰ ਕਟਹਿਰੇ ਵਿਚ ਖੜ੍ਹਾ ਕਰ ਦਿੱਤਾ ਹੈ। ਜੈਫਰੀ ਐਪਸਟਾਈਨ, ਜਿਸ ‘ਤੇ ਨਾਬਾਲਗ ਲੜਕੀਆਂ ਦੀ ਤਸਕਰੀ ਅਤੇ ਸਰੀਰਕ ਸ਼ੋਸ਼ਣ ਦੇ ਗੰਭੀਰ ਦੋਸ਼ ਸਨ, ਦੇ ਸਬੰਧ ਦੁਨੀਆਂ ਦੇ ਕਈ ਸ਼ਕਤੀਸ਼ਾਲੀ ਨੇਤਾਵਾਂ, ਕਾਰੋਬਾਰੀਆਂ ਅਤੇ ਸ਼ਾਹੀ ਪਰਿਵਾਰਾਂ ਨਾਲ ਸਨ, ਜਿਸ ਕਾਰਨ ਉਸ ਦੀ ਮੌਤ ਸ਼ੁਰੂ ਤੋਂ ਹੀ ਸ਼ੱਕ ਦੇ ਘੇਰੇ ਵਿਚ ਰਹੀ ਹੈ।
ਮਾਹਿਰਾਂ ਦਾ ਮੰਨਣਾ ਹੈ ਕਿ ਐਪਸਟਾਈਨ ਕੋਲ ਕਈ ਅਜਿਹੇ ਰਾਜ਼ ਸਨ, ਜੋ ਦੁਨੀਆਂ ਦੇ ਕਈ ਵੱਡੇ ਚਿਹਰਿਆਂ ਨੂੰ ਬੇਨਕਾਬ ਕਰ ਸਕਦੇ ਸਨ, ਜਿਸ ਕਾਰਨ ਉਸ ਦਾ ਜੇਲ੍ਹ ‘ਚ ਹੀ ਕਤਲ ਕਰ ਦਿੱਤਾ ਗਿਆ। ਨਵੇਂ ਤੱਥ ਸਾਹਮਣੇ ਆਉਣ ਤੋਂ ਬਾਅਦ ਸੋਸ਼ਲ ਮੀਡੀਆ ਅਤੇ ਕਾਨੂੰਨੀ ਮਾਹਿਰਾਂ ਵਿਚ ਇਹ ਚਰਚਾ ਤੇਜ਼ ਹੋ ਗਈ ਹੈ ਕਿ ਕੀ ਐਪਸਟਾਈਨ ਨੂੰ ਕਿਸੇ ਵੱਡੀ ਸਾਜ਼ਿਸ਼ ਤਹਿਤ ਰਸਤੇ ਤੋਂ ਹਟਾਇਆ ਗਿਆ ਸੀ?