ਨਵੀਂ ਦਿੱਲੀ, 12 ਅਗਸਤ (ਪੰਜਾਬ ਮੇਲ)- ਨਵੀਂ ਦਿੱਲੀ ਵਿਖੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਵਿਖੇ ਐਨ.ਆਰ.ਆਈਜ਼ ਦੀ ਸਹੂਲਤ ਲਈ ਵੱਡਾ ਉਪਰਾਲਾ ਕਰਦਿਆਂ ਮੰਤਰੀ ਮੰਡਲ ਨੇ ਇੰਟਰਨੈਸ਼ਨਲ ਟਰਮੀਨਲ ਦੇ ਅਰਾਈਵਲ ਹਾਲ (ਪਹੁੰਚ ਹਾਲ) ਵਿਖੇ ਸਹੂਲਤ ਪ੍ਰਦਾਨ ਕਰਨ ਵਾਲਾ ਕੇਂਦਰ (ਫੈਸਿਲੀਟੇਸ਼ਨ ਸੈਂਟਰ) ਸਥਾਪਤ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ। ਇਹ ਕੇਂਦਰ 24 ਘੰਟੇ ਖੁੱਲ੍ਹਾ ਰਹੇਗਾ ਅਤੇ ਟਰਮੀਨਲ ਵਿਖੇ ਪਹੁੰਚਣ ਵਾਲੇ ਸਾਰੇ ਐਨ.ਆਰ.ਆਈਜ਼ ਅਤੇ ਹੋਰ ਮੁਸਾਫਰਾਂ ਨੂੰ ਸਹਾਇਤਾ ਪ੍ਰਦਾਨ ਕਰੇਗਾ। ਇਸ ਵਿਸ਼ੇਸ਼ ਕੇਂਦਰ ਵਿਚ ਮੁਸਾਫਰਾਂ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਦੇ ਬੈਠਣ ਲਈ ਢੁਕਵੀਂ ਵਿਵਸਥਾ ਕਰਨ ਦੇ ਯਤਨ ਕੀਤੇ ਜਾਣਗੇ।
ਮੁਸਾਫਰਾਂ/ਰਿਸ਼ਤੇਦਾਰਾਂ ਨੂੰ ਫਲਾਈਟਾਂ ਸਬੰਧੀ, ਟੈਕਸੀ ਸੇਵਾਵਾਂ, ਸਮਾਨ ਗੁਆਚਣ ਬਾਰੇ ਮਦਦ ਲਈ ਸਹੂਲਤਾਂ ਸਮੇਤ ਹੋਰ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ। ਮੁਸਾਫਰ ਦੀ ਇੱਛਾ ਦੇ ਮੁਤਾਬਕ ਇਹ ਕੇਂਦਰ ਵਾਜਬ ਕੀਮਤਾਂ ਉਤੇ ਟੈਕਸੀ ਦੀਆਂ ਸੇਵਾਵਾਂ ਮੁਹੱਈਆ ਕਰਵਾਉਣ ਲਈ ਕੰਮ ਕਰੇਗਾ। ਇਸ ਤੋਂ ਇਲਾਵਾ ਇਸ ਕੇਂਦਰ ਕੋਲ ਮੁਸਾਫਰਾਂ ਨੂੰ ਪੰਜਾਬ ਭਵਨ ਜਾਂ ਨੇੜੇ ਦੀਆਂ ਥਾਵਾਂ ਉਤੇ ਲਿਜਾਣ ਵਿਚ ਮਦਦ ਲਈ ਵਾਹਨ ਵੀ ਹੋਣਗੇ।