#CANADA

ਐਡਮਿੰਟਨ ਵਿਖੇ ਓਵਰਸੀਜ (ਪ੍ਰਵਾਸੀ) ਟੀਚਰਜ਼ ਐਸੋਸੀਏਸ਼ਨ ਦੀ ਹੋਈ ਮੀਟਿੰਗ

ਐਡਮਿੰਟਨ, 11 ਜੂਨ (ਬਲਵਿੰਦਰ ਬਾਲਮ/ਪੰਜਾਬ ਮੇਲ)- ਓਵਰਸੀਜ਼ (ਪ੍ਰਵਾਸੀ) ਟੀਚਰਜ਼ ਐਸੋਸੀਏਸ਼ਨ ਦੀ ਇਕ ਵਿਸ਼ੇਸ਼ ਇਕੱਤਰਤਾ ਐਡਮਿੰਟਨ ਪਬਲਿਕ ਲਾਇਬ੍ਰੇਰੀ ਸਟਰੀਟ 17 ਵਿਖੇ ਪ੍ਰਧਾਨ ਜਸਵੀਰ ਸਿੰਘ ਗਿੱਲ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਭੂਤਕਾਲ, ਭਵਿੱਖਮਈ ਅਤੇ ਵਰਤਮਾਨ ਕਾਰਜਾਂ ਦਾ ਲੇਖਾ-ਜੋਖਾ ਕੀਤਾ ਗਿਆ। ਅਧਿਆਪਕ ਸਾਥੀਆਂ ਵਲੋਂ ਸਰਬਸੰਮਤੀ ਨਾਲ ਸਾਰੇ ਮਤਿਆਂ ਨੂੰ ਪ੍ਰਵਾਨ ਕੀਤਾ ਗਿਆ।
ਇਹ ਐਸੋਸੀਏਸ਼ਨ ਸਮਾਜ ਕਲਿਆਣ ਭਲਾਈ ਦੇ ਕਾਰਜਾਂ ਦੇ ਨਾਲ-ਨਾਲ ਸਾਹਿਤਕ ਸਰਗਰਮੀਆਂ ਖ਼ਾਸ ਕਰਕੇ ਪੰਜਾਬੀ ਭਾਸ਼ਾ ਦੇ ਵਿਕਾਸ ਅਤੇ ਪ੍ਰਫੁਲਤਾ ਲਈ ਸਮੇਂ-ਸਮੇਂ ਅਨੁਸਾਰ ਅਪਣੇ ਸਫ਼ਲ ਯਤਨ ਕਰਦੀ ਰਹਿੰਦੀ ਹੈ। ਹਰ ਸਾਲ ਇੰਟਰਨੈਸ਼ਨਲ ਟੀਚਰ ਡੇ ਧਾਰਮਿਕ ਅਤੇ ਸਰਕਾਰੀ ਦਿਨ ਤਿਉਹਾਰ ਮਨਾਉਣਾ ਅਤੇ ਸਹਿਯੋਗ ਕਰਨਾ। ਕਿਸੇ ਖ਼ਾਸ ਸ਼ਖ਼ਸੀਅਤ ਨੂੰ ਜਿਸ ਨੇ ਸਮਾਜਿਕ, ਵਿਦਿਅਕ ਤੇ ਹੋਰ ਉਚ ਦਰਜੇ ਦੇ ਕੀਰਤੀਮਾਨ ਸਥਾਪਿਤ ਕੀਤੇ ਹੋਣ ਜਾਂ ਯੋਗਦਾਨ ਪਾਇਆ ਹੋਵੇ, ਉਨ੍ਹਾਂ ਨੂੰ ਵੀ ਸਨਮਾਨਿਤ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਸਫਾਈ ਮੁਹਿੰਮ ਦਾ ਸਕੂਲਾਂ, ਕਾਲਜਾਂ, ਹਸਪਤਾਲਾਂ, ਧਾਰਮਿਕ ਸਥਾਨਾਂ ਆਦਿ ਵਿਚ ਯੋਗਦਾਨ ਪਾਇਆ ਜਾਂਦਾ ਹੈ। ਗਰਮੀਆਂ ਦੀਆਂ ਛੁੱਟੀਆਂ ਵਿਚ ਵਿਸ਼ੇਸ਼ ਕਾਰਜ ਲੋੜ ਅਨੁਸਾਰ ਕੀਤੇ ਜਾਂਦੇ ਹਨ। ਖ਼ਾਸ ਕਰਕੇ ਬੱਚਿਆਂ ਤੇ ਹੋਰਨਾਂ ਦੇ ਕੈਂਪਸ ਦਾ ਆਯੋਜਨ ਕਰਨਾ, ਹੋਰ ਵਿਸ਼ਿਆਂ ਦੇ ਨਾਲ-ਨਾਲ ਪੰਜਾਬੀ ਭਾਸ਼ਾ ਸਿੱਖਣਾ-ਸਿਖਾਉਣਾ, ਗ਼ਰੀਬਾਂ ਲਈ ਅਨੁਦਾਨ ਦਾ ਪ੍ਰਬੰਧ ਕਰਨਾ। ਬੇਸਹਾਰਿਆਂ ਦੀ ਮਦਦ ਕਰਨਾ, ਸਿਹਤ ਸਹੂਲਤਾਂ ਸਬੰਧੀ ਯੋਗਦਾਨ, ਹੋਰ ਸੰਸਥਾਵਾਂ ਨਾਲ ਮਿਲ ਕੇ ਮਾਨਵਤਾਈ ਕਾਰਜ ਕਰਨੇ, ਸਮਾਜ ਅਤੇ ਸਮਾਜ ਸੇਵੀ ਕਾਰਜਾਂ ਵਿਚ ਭਾਗ ਲੈਣਾ ਅਤੇ ਸਹਿਯੋਗ ਦੇਣਾ। ਜ਼ਰੂਰਤ ਮੁਤਾਬਿਕ ਹੋਰ ਵੱਖ-ਵੱਖ ਪਹਿਲੂਆਂ ਦੇ ਸੰਦਰਭਾਂ ਵਿਚ ਕਾਰਜਸ਼ੀਲ ਰਹਿਣਾ। ਬੁਨਿਆਦੀ ਮਾਨਵ ਕਦਰਾਂ-ਕੀਮਤਾਂ ਦੀ ਕਦਰ ਕਰਨਾ, ਸਮਾਜਿਕ ਨਿਆਂ ਭਾਵਨਾ, ਵਿਅਕਤੀਗਤ ਆਚਰਣ ਅਤੇ ਨੈਤਿਕ ਕਰਦਾਂ-ਕੀਮਤਾਂ ਨੂੰ ਉਜਾਗਰ ਕਰਨਾ ਅਤੇ ਪ੍ਰੇਰਣਾ ਦੇ ਸਰੋਤ ਪੈਦਾ ਕਰਨਾ।
ਇਹ ਐਸੋਸੀਏਸ਼ਨ ਹੁਣ ਤੱਕ ਬਲਦੇਵ ਸਿੰਘ ਪਾਰਟਨਰ ਪ੍ਰਿੰਸੀਪਲ ਮੈਰਿਜ ਕਮਿਸ਼ਨਰ ਅਤੇ ਓੁਥ ਕਮਿਸ਼ਨਰ, ਪਾਲ ਪੁਰੇਵਾਲ ਨਾਨਕ ਸ਼ਾਹੀ ਕੈਲੰਡਰ ਦੇ ਰਚੇਤਾ, ਨਰੇਸ਼ ਭਾਰਦਵਾਜ ਅਧਿਆਪਕ, ਵਰਿੰਦਰ ਸਿੰਘ ਆਨੰਦ ਅਧਿਆਪਕ, ਹਰਚੰਦ ਸਿੰਘ ਗਰੇਵਾਲ ਅਧਿਆਪਕ ਅਤੇ ਸਮਾਜ ਭਲਾਈ ਕਰਤਾ ਨੂੰ ਸਨਮਾਨਿਤ ਕੀਤਾ ਜਾ ਚੁੱਕਿਆ ਹੈ।
ਇਸ ਸਭਾ ਵਿਚ ਜਿਨ੍ਹਾਂ ਅਧਿਆਪਕਾਂ, ਕਵੀਆਂ, ਲੇਖਕਾਂ, ਬੁੱਧੀਜੀਵੀਆਂ ਨੇ ਸ਼ਿਰਕਤ ਕੀਤੀ, ਉਨ੍ਹਾਂ ਵਿਚ ਜਸਵੀਰ ਸਿੰਘ ਗਿੱਲ ਪ੍ਰਧਾਨ, ਰਸਾਲ ਸਿੰਘ ਮੱਲ੍ਹੀ ਸੀਨੀਅਰ ਵਾਈਸ ਪ੍ਰੈਜ਼ੀਡੈਂਟ, ਸੁਰਜੀਤ ਕੌਰ ਧਾਲੀਵਾਲ ਵਾਈਸ ਪ੍ਰੈਜ਼ੀਡੈਂਟ, ਰਣਜੀਤ ਸਿੰਘ ਸੰਧੂ ਸਕੱਤਰ, ਅਮਰਜੀਤ ਸਿੰਘ ਸੰਧੂ ਸਹਾਇਕ ਸਕੱਤਰ, ਸੁਖਦੇਵ ਸਿੰਘ ਬੈਨੀਪਾਲ ਖ਼ਜ਼ਾਨਚੀ, ਦਰਸ਼ਨ ਸਿੰਘ ਜਸ਼ਨ, ਸੁਖਰਾਜ ਸਿੰਘ ਸਰਕਾਰੀਆ, ਦਲਬੀਰ ਸਿੰਘ ਰਿਆੜ ਕਵੀ, ਸੰਨੀ ਧਾਲੀਵਾਲ ਕਵੀ, ਲੇਖਕ, ਕਹਾਣੀਕਾਰ, ਹਰਬੰਸ ਸਿੰਘ ਬੱਗੜ, ਸੰਤੋਖ ਸਿੰਘ ਸੇਖੋਂ, ਹਰਚੰਦ ਸਿੰਘ ਬਿੰਦ ਅਤੇ ਕੁਲਬੀਰ ਸਿੰਘ ਢਿੱਲੋਂ ਸ਼ਾਮਲ ਹਨ।
ਐਸੋਸੀਏਸ਼ਨ ਦੇ ਪ੍ਰਧਾਨ ਨੇ ਕਿਹਾ ਕਿ ਭਵਿੱਖ ਵਿਚ ਚੇਤਨਾ ਦੇ ਹੋਰ ਖੇਤਰਾਂ ਵਿਚ ਹਰ ਇਕ ਰੰਗਤ ਨੂੰ ਫੜਣ ਵਿਚ ਸਮਰੱਥ ਇਕ ਅਤਿਅੰਤ ਲਾਯਾਤਮਿਕ ਅਤੇ ਸੂਖਮ ਵਿਧੀ ਵਿਧਾਨ ਦਾ ਵੀ ਨਿਰਮਾਣ ਕੀਤਾ ਜਾਵੇਗਾ। ਮਾਤਰ ਭੂਮੀ ਅਤੇ ਪ੍ਰਵਾਸ ਭੂਮੀ ਦੀ ਪ੍ਰਾਣ ਪ੍ਰਤਿਸ਼ਠਤਾ ਦਾ ਮੋਹ ਸੰਵੇਦਨਸ਼ੀਲਤਾ ਨਾਲ ਬਣਾਏ ਰੱਖਣ ਦਾ ਪ੍ਰਣ ਅਤੇ ਦਰਪੇਸ਼ ਮੁਸ਼ਕਿਲਾਂ ਦੇ ਸੁਝਾਵ ਵੀ ਰੱਖੇ ਜਾਣਗੇ। ਭਵਿੱਖ ਵਿਚ ਹੋਰ ਕਈ ਪ੍ਰਯੋਜਕ ਹਨ।